ਅੰਮ੍ਰਿਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਮਾਨਸੇਹਰਾ ਦੇ ਬਾਲਾਕੋਟ ਖੇਤਰ ‘ਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਦੋ ਦਹਾਕਿਆਂ ਤੋਂ ਕੜਾਹ ਪ੍ਰਸਾਦਿ ਦੀ ਸੇਵਾ ਕਰਦੇ ਆ ਰਹੇ ਪ੍ਰੇਮ ਸਿੰਘ ਦੇ ਪੁੱਤਰ ਤਜਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਉਸ ਦੇ ਨਾਲ ਹੀ ਉਸ ਦਾ ਪੁੱਤਰ ਜਸਮੀਤ ਸਿੰਘ ਵੀ ਮਾਰਿਆ ਗਿਆ। ਸ੍ਰੀ ਨਨਕਾਣਾ ਸਾਹਿਬ ਤੋਂ ਗੋਪਾਲ ਸਿੰਘ ਚਾਵਲਾ ਅਤੇ ਸਾਬਕਾ ਐੱਮ. ਪੀ. ਏ. ਮਹਿੰਦਰਪਾਲ ਸਿੰਘ ਨੇ ਇਸ ਬਾਰੇ ‘ਚ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਹਾਦਸੇ ‘ਚ ਲਾਹੌਰ ਸ਼ਹਿਰ ਵਿਚਲੇ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ (ਚੂਨਾ ਮੰਡੀ) ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਦਾ ਭਰਾ ਸੁਖਦੇਵ ਸਿੰਘ, ਉਸ ਦੀ ਪਤਨੀ ਅਤੇ ਬੱਚੇ ਸਮੇਤ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਜ਼ਖ਼ਮੀਆਂ ‘ਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਸਤੇ ‘ਚ ਬਾਲਾਕੋਟ ਵਿਖੇ ਇਕ ਸਰੀਏ ਨਾਲ ਭਰਿਆ ਟਰੱਕ ਉਨ੍ਹਾਂ ਦੇ ਵਾਹਨ ‘ਤੇ ਉਲਟ ਗਿਆ। ਉਨ੍ਹਾਂ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਤੇ ਹਸਨ ਅਬਦਾਲ ਤੋਂ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰ ਤੇ ਪਰਿਵਾਰ ਮੈਂਬਰ ਬਾਲਾਕੋਟ ਲਈ ਰਵਾਨਾ ਹੋ ਗਏ ਹਨ।
ਪਾਕਿਸਤਾਨ ਦੇ ਬਾਲਾਕੋਟ ’ਚ ਹਾਦਸੇ ਦੌਰਾਨ ਸਿੱਖ ਪਿਤਾ-ਪੁੱਤਰ ਦੀ ਮੌਤ
ਅਜੀਤ ਡੈਸਕ
22-06-2026