22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੈਨੂੰ ਬਦਨਾਮ ਕਰਨ ਲਈ ਬਣਾਈ ਗਈ ਫ਼ਰਜ਼ੀ ਵੀਡੀਓ-ਭਗਵੰਤ ਮਾਨ

Ad Position 21
No active advertisement
ਅਜੀਤ ਡੈਸਕ 25-06-2026
ਚੰਡੀਗੜ੍ਹ, 24 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਕਿਹਾ ਕਿ ਸਾਡੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਚੁਣੌਤੀ ਦੇਣ ’ਚ ਨਾਕਾਮ ਰਹਿਣ ਦੇ ਚੱਲਦਿਆਂ ਰਾਜਨੀਤਿਕ ਵਿਰੋਧੀਆਂ ਵਲੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਣ-ਬੁੱਝ ਕੇ ਇਕ ਨਕਲੀ ਵੀਡੀਓ ਬਣਾ ਕੇ ਪ੍ਰਸਾਰਿਤ ਕੀਤੀ ਗਈ ਹੈ। ਵਿਰੋਧੀ ਧਿਰ ’ਤੇ ਧਰਮ ਦੇ ਨਾਂਅ ’ਤੇ ਲੋਕਾਂ ਨੂੰ ਗੁਮਰਾਹ ਅਤੇ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕੋਲ ਸਾਡੀ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਬਚਿਆ, ਉਹ ਹੁਣ ਮਨਘੜਤ ਪ੍ਰਚਾਰ ਰਾਹੀਂ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਨਕ ਨਾਮ ਲੇਵਾ ਸੰਗਤ ਦੀ ਸੂਝ-ਬੂਝ ’ਚ ਪੂਰਾ ਵਿਸ਼ਵਾਸ ਜਤਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੰਤ ’ਚ ਜਿੱਤ ਸੱਚ ਦੀ ਹੀ ਹੋਵੇਗੀ ਅਤੇ ਉਹ ਅੰਤਿਮ ਫ਼ੈਸਲਾ ਸੰਗਤ ’ਤੇ ਛੱਡਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਧਿਆਨ ਲੋਕਾਂ ਨੂੰ ਬਿਜਲੀ, ਪਾਣੀ, ਸੜਕਾਂ, ਹਸਪਤਾਲ, ਆਮ ਆਦਮੀ ਕਲੀਨਿਕਾਂ ਅਤੇ ਰੋਜ਼ਗਾਰ ਵਰਗੀਆਂ ਸਹੂਲਤਾਂ ਦੇਣ ’ਤੇ ਕੇਂਦਰਿਤ ਰਹੇਗਾ ਅਤੇ ਸੱਚ-ਝੂਠ ਦਾ ਫ਼ੈਸਲਾ ਲੋਕ ਕਰਨਗੇ। ਇਕ ਵੀਡੀਓ ਸੰਦੇਸ਼ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਬੇਹੱਦ ਨੀਵੇਂ ਦਰਜੇ ਦੀ ਰਾਜਨੀਤਿਕ ਸਾਜਿਸ਼ ਦੇ ਹਿੱਸੇ ਵਜੋਂ ਉਨ੍ਹਾਂ ਦੀਆਂ ਨਕਲੀ ਵੀਡੀਓਜ਼ ਪ੍ਰਸਾਰਿਤ ਕੀਤੀਆਂ ਗਈਆਂ ਹਨ। ਹਾਲ ਹੀ ’ਚ ਪ੍ਰਸਾਰਿਤ ਵੀਡੀਓ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਾਇਰਲ ਵੀਡੀਓ ’ਚ ਦਿਖਾਈ ਦੇ ਰਹੇ ਸਖ਼ਸ਼ ਦੀ ਸਰੀਰਕ ਦਿੱਖ, ਕੱਦ-ਕਾਠੀ, ਚੱਲਣ ਅਤੇ ਵਿਚਰਨ ਦਾ ਤਰੀਕਾ ਕਿਸੇ ਵੀ ਪੱਖੋਂ ਉਨ੍ਹਾਂ ਨਾਲ ਮੇਲ ਨਹੀਂ ਖਾਂਦਾ। ਫਿਰ ਵੀ ਮੇਰੇ ਸਿਆਸੀ ਵਿਰੋਧੀ ਮੈਨੂੰ ਦੋਸ਼ੀ ਠਹਿਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਪਰ ਲੋਕਾਂ ਅਤੇ ਸਿੱਖ ਭਾਈਚਾਰੇ ਨੇ ਇਹ ਵੀਡੀਓਜ਼ ਦੇਖ ਲਈਆਂ ਹਨ ਅਤੇ ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਕਿ ਇਹ ਨਕਲੀ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਫੋਰੈਂਸਿਕ ਲੈਬਾਰਟਰੀਆਂ ਦੁਆਰਾ ਵੀਡੀਓ ਦੀ ਜਾਂਚ ਕਰਵਾਈ ਸੀ, ਪਰ ਹੁਣ ਉਨ੍ਹਾਂ ਲੈਬਾਰਟਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਅਕਾਲੀ (ਬ) ਅਤੇ ਕਾਂਗਰਸ ਮੇਰੇ ਵਿਰੁੱਧ ਇੱਕਜੁੱਟ ਹੋ ਕੇ ਇਨ੍ਹਾਂ ਲੈਬਾਰਟਰੀਆਂ ਦੇ ਮਾਲਕਾਂ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਕਰਮੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਵਾਦ ਦੀ ਸਾਜ਼ਿਸ਼ ਮੇਰੇ ਰਾਜਨੀਤਿਕ ਵਿਰੋਧੀਆਂ ’ਤੇ ਹੀ ਉਲਟੀ ਪੈ ਗਈ ਹੈ ਅਤੇ ਲੋਕ ਇਹ ਜਾਅਲੀ ਵੀਡੀਉਜ਼ ਜਾਰੀ ਕਰਨ ਲਈ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ, ਜਿਸ ਕਰ ਕੇ ਉਹ ਹੁਣ ਨੀਵੇਂ ਦਰਜੇ ਦੀ ਸਿਆਸਤ ਕਰ ਰਹੇ ਹਨ। ਉਹ ਐਫ.ਆਈ.ਆਰ. ਦੀਆਂ ਧਮਕੀਆਂ ਅਤੇ ਦਬਾਅ ਦੀਆਂ ਚਾਲਾਂ ਰਾਹੀਂ ਲੈਬਾਰਟਰੀਆਂ ਦੇ ਮਾਲਕਾਂ ਨੂੰ ਡਰਾ ਰਹੇ ਹਨ ਅਤੇ ਇਹ ਦਾਅਵਾ ਕਰਨ ਲਈ ਮਜਬੂਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਝੂਠੀ ਰਿਪੋਰਟ ਤਿਆਰ ਕਰਨ ਲਈ ਪੈਸੇ ਦਿੱਤੇ ਗਏ ਸਨ। ਵਿਰੋਧੀਆਂ ਦੇ ਕਹਿਣ ਅਨੁਸਾਰ ਸਰਕਾਰ ਨੇ ਜਿਸ ਲੈਬਾਰਟਰੀ ਤੋਂ ਜਾਂਚ ਕਰਵਾਈ ਉਹ ਨਕਲੀ ਸੀ, ਜਦੋਂ ਕਿ ਉਨ੍ਹਾਂ ਨੇ ਜਿਸ ਲੈਬਾਰਟਰੀ ਤੋਂ ਜਾਂਚ ਕਰਵਾਈ ਉਹ ਅਸਲੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮਾਮਲਾ ਲੋਕਾਂ ਅਤੇ ਸ੍ਰੀ ਨਾਨਕ ਨਾਮ ਲੇਵਾ ਸੰਗਤ ’ਤੇ ਛੱਡਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਹਰ ਰੋਜ਼ ਨਵੇਂ ਫ਼ਰਜ਼ੀ ਵੀਡੀਉਜ਼ ਬਣਾ ਕੇ ਆਪਣੇ ਸੋਸ਼ਲ ਮੀਡੀਆ ਮੰਚਾਂ ਰਾਹੀਂ ਪ੍ਰਸਾਰਿਤ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਚਾਲਾਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀਆਂ। ਵਿਰੋਧੀ ਧਿਰ ਨੂੰ ਅਜਿਹੇ ਤਰੀਕੇ ਅਪਣਾਉਣ ਵਿਰੁੱਧ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਨੀਤੀ ਬਹੁਤ ਨੀਵੇਂ ਪੱਧਰ ਤੱਕ ਡਿੱਗ ਗਈ ਹੈ ਕਿਉਂਕਿ ਉਨ੍ਹਾਂ ਕੋਲ ਮੇਰਾ ਵਿਰੋਧ ਕਰਨ ਦਾ ਕੋਈ ਹੋਰ ਢੰਗ ਨਹੀਂ ਹੈ। ਇਸ ਲਈ ਉਹ ਲਗਾਤਾਰ ਬੇਬੁਨਿਆਦ ਦੋਸ਼ ਰਾਹੀਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਮੇਰਾ ਬਾਈਕਾਟ ਕਰਨ ਸੰਬੰਧੀ ਪੋਸਟਰ ਲਗਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ, ਭਾਈਚਾਰਕ ਇਕੱਠਾਂ ਅਤੇ ਜਨਤਕ ਮੀਟਿੰਗਾਂ ਦਾ ਉਹ ਦੌਰਾ ਕਰਦੇ ਹਨ, ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਲੋਕਾਂ ਦੇ ਇਹ ਠਾਠਾਂ ਮਾਰਦੇ ਇਕੱਠ ਬਰਦਾਸ਼ਤ ਨਹੀਂ ਹੋ ਰਹੇ। ਇਸ ਲਈ ਤਿੰਨੇ ਪਾਰਟੀਆਂ ਹੁਣ ਇੱਕੋ ਉਦੇਸ਼ ਤਹਿਤ ਮੈਨੂੰ ਧਾਰਮਿਕ ਆਧਾਰ ’ਤੇ ਬਦਨਾਮ ਕਰਨ ਵਿਚ ਜੁਟੀਆਂ ਹਨ।’ ਮੁੱਖ ਮੰਤਰੀ ਨੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਅਤੇ ਇਸ ਦੇ ਹਿੱਤਾਂ ਦੀ ਰਾਖੀ ਲਈ ਡਟ ਕੇ ਖੜ੍ਹੇ ਰਹਿਣਗੇ। ਭਗਵੰਤ ਮਾਨ ਨੇ ਕਿਹਾ ਕਿ ਪ੍ਰਸਾਰਿਤ ਕੀਤੇ ਜਾ ਰਹੇ ਵੀਡੀਓ ਪੂਰੀ ਤਰ੍ਹਾਂ ਜਾਅਲੀ ਅਤੇ ਮਨਘੜ੍ਹਤ ਹਨ। ਉਨ੍ਹਾਂ ਕਿਹਾ ਕਿ ਹੁਣ 2027 ’ਚ ਵਿਰੋਧੀਆਂ ਨੂੰ ਸੱਤਾ ’ਚ ਵਾਪਸ ਆਉਣ ਦੀ ਕੋਈ ਸੰਭਾਵਨਾ ਨਹੀਂ ਦਿਖ ਰਹੀ, ਇਸੇ ਲਈ ਉਹ ਚਿੰਤਤ ਹਨ।
Ad Position 22
No active advertisement
ਪਿਛਲੀ ਖ਼ਬਰ ਵਿਵਾਦਤ ਵੀਡੀਓ ਦਾ ਸੱਚ ਸਾਹਮਣੇ ਆਉਣ ਮਗਰੋਂ ਮੁੱਖ ਮੰਤਰੀ ਤੁਰੰਤ ਅਸਤੀਫ਼ਾ ਦੇਣ : ਧਾਮੀ ਅਗਲੀ ਖ਼ਬਰ ਸੜਕਾਂ ਦੀ ਖੁਦਾਈ ਦਾ ਕੰਮ 1 ਜੁਲਾਈ ਤੋਂ 30 ਸਤੰਬਰ ਤੱਕ ਬੰਦ
Ad Position 24