ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਨੇਤਾ ਅਤੇ ਬੀ. ਕੇ. ਯੂ. ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ‘ਚੜ੍ਹਦੀ ਕਲਾ ਮਿਸ਼ਨ’ ਦੇ ਨਾਂਅ ਹੇਠ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਫ਼ੰਡ ਦਾ ਪੂਰਾ ਲੇਖਾ-ਜੋਖਾ ਪੰਜਾਬ ਦੀ ਜਨਤਾ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਕੁੱਲ ਕਿੰਨੀ ਰਕਮ ਇਕੱਠੀ ਹੋਈ, ਉਹ ਕਿਸ ਖਾਤੇ ਵਿਚ ਜਮ੍ਹਾਂ ਕਰਵਾਈ ਗਈ, ਹੁਣ ਤੱਕ ਉਸ ਵਿਚੋਂ ਕਿੰਨੀ ਰਕਮ ਖ਼ਰਚ ਕੀਤੀ ਗਈ ਅਤੇ ਕਿੰਨੇ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਇਸ ਦਾ ਲਾਭ ਮਿਲਿਆ। ਲੱਖੋਵਾਲ ਨੇ ਕਿਹਾ ਕਿ ਹੜ੍ਹ ਦੌਰਾਨ ਪੰਜਾਬ ਦੇ ਲੋਕਾਂ, ਸਮਾਜ ਸੇਵੀ ਸੰਸਥਾਵਾਂ, ਉਦਯੋਗਪਤੀਆਂ ਅਤੇ ਪਰਵਾਸੀ ਪੰਜਾਬੀਆਂ ਨੇ ਮਨੁੱਖਤਾ ਦੇ ਨਾਤੇ ਖੁੱਲ੍ਹੇ ਦਿਲ ਨਾਲ ਯੋਗਦਾਨ ਦਿੱਤਾ ਸੀ। ਇਸ ਲਈ ਉਸ ਰਕਮ ਦੀ ਵਰਤੋਂ ਬਾਰੇ ਪੂਰੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ।