ਸੰਗਰੂਰ, ਚੀਮਾ ਮੰਡੀ, 27 ਜੂਨ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਕੌਮਾਂਤਰੀ ਨਸ਼ਾ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਕਲਗੀਧਰ ਟਰੱਸਟ, ਬੜੂ ਸਾਹਿਬ ਅਧੀਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਚੱਲ ਰਹੀਆਂ ਅਕਾਲ ਅਕੈਡਮੀਆਂ ਦੇ 15,000 ਤੋਂ ਵੀ ਵੱਧ ਵਿਦਿਆਰਥੀਆਂ ਨੇ ਇੱਕ ਵਿਲੱਖਣ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ। ਉਕਤ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਆਪਣੇ-ਆਪਣੇ ਕੈਂਪਸਾਂ ’ਚ ਇੱਕੋ ਹੀ ਸਮੇਂ “ਵੂਈ ਆਰ ਡਰੱਗ ਫਰੀ” ਦੀ ਮਨੁੱਖੀ ਰਚਨਾ (ਹਿਉਮਨ ਫਾਰਮੇਸ਼ਨ) ਤਿਆਰ ਕਰਕੇ ਨਸ਼ਾ-ਮੁਕਤ ਜੀਵਨ ਜਿਉਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣੀ ਸਾਂਝੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ । ਇਹ ਵਿਸ਼ੇਸ਼ ਮੁਹਿੰਮ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ’ਚ ਦਰਜ ਕਰਵਾਉਣ ਦੇ ਉਦੇਸ਼ ਨਾਲ ਕਰਵਾਈ ਗਈ। ਇਸ ਦੇ ਤਹਿਤ ਜ਼ਿਲ੍ਹਾ ਸੰਗਰੂਰ ਅਧੀਨ ਅਕਾਲ ਅਕੈਡਮੀਆਂ ਦੀ ਭਾਗੀਦਾਰੀ ਇਸ ਪ੍ਰਕਾਰ ਰਹੀ ਅਕਾਲ ਅਕੈਡਮੀ ਚੀਮਾ ਸਾਹਿਬ (ਪੰਜਾਬੀ ਮਾਧਿਅਮ) 100 ਵਿਦਿਆਰਥੀ, ਅਕਾਲ ਅਕੈਡਮੀ ਚੀਮਾ ਸਾਹਿਬ (ਸੀਬੀਐਸਈ) 70 ਵਿਦਿਆਰਥੀ, ਅਕਾਲ ਅਕੈਡਮੀ ਬੇਨੜਾ 59 ਵਿਦਿਆਰਥੀ, ਅਕਾਲ ਅਕੈਡਮੀ ਧਰਮਗੜ੍ਹ ਛੰਨਾ 35 ਵਿਦਿਆਰਥੀ, ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ 60 ਵਿਦਿਆਰਥੀ, ਅਕਾਲ ਅਕੈਡਮੀ ਮੂਨਕ 60 ਵਿਦਿਆਰਥੀ, ਅਕਾਲ ਅਕੈਡਮੀ ਰਟੋਲਾਂ 50 ਵਿਦਿਆਰਥੀ ਅਤੇ ਅਕਾਲ ਅਕੈਡਮੀ ਉਭਿਆ 60 ਵਿਦਿਆਰਥੀ ਸ਼ਾਮਿਲ ਸਨ । ਇਸ ਮੌਕੇ ਅਕਾਲ ਅਕੈਡਮੀ ਚੀਮਾ ਦੇ ਪ੍ਰਿੰਸੀਪਲ ਗੁਰਪ੍ਰੀ ਤ ਕੌਰ, ਅਕਾਲ ਅਕੈਡਮੀ ਉਭਿਆ ਦੇ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੇ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਕਿਹਾ ਕਿ ‘ਇਹ ਮੁਹਿੰਮ ਵਿਦਿਆਰਥੀਆਂ ਦੇ ਨਸ਼ਿਆਂ ਵਿਰੁੱਧ ਦ੍ਰਿੜ੍ਹ ਸੰਕਲਪ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।