ਅੰਮ੍ਰਿਤਸਰ, 27 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਪ੍ਰਧਾਨ ਮੰਤਰੀ ਫ਼ੈਸਲ ਮੁਮਤਾਜ਼ ਰਾਠੌਰ ਨੇ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਦੇ ਬਿਆਨ ਦਾ ਸਖ਼ਤ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਪਾਕਿ ਦੇ ਰੱਖਿਆ ਮੰਤਰੀ ਜਾਂ ਕਿਸੇ ਹੋਰ ਤੋਂ ਆਪਣੀ ਪਛਾਣ ਦੀ ਪੁਸ਼ਟੀ ਲੈਣ ਦੀ ਲੋੜ ਨਹੀਂ ਹੈ । ਦਰਅਸਲ, ਖ਼ਵਾਜਾ ਨੇ ਹਾਲ ਹੀ ’ਚ ਇਕ ਟੀ. ਵੀ. ਇੰਟਰਵਿਊ ਵਿਚ ਪੀ. ਓ. ਕੇ. ’ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਿਹਾ ਸੀ ਕਿ ਰਾਵਲਕੋਟ ’ਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਉਹ ਕਸ਼ਮੀਰੀ ਨਹੀਂ ਮੰਨਦੇ । ਉਨ੍ਹਾਂ ਅੱਗੇ ਕਿਹਾ ਕਿ ਰਾਵਲਕੋਟ ਤੇ ਮੀਰਪੁਰ ਦੇ ਲੋਕ ਪੋਠੋਹਾਰੀ ਭਾਸ਼ਾ ਬੋਲਦੇ ਹਨ, ਇਸ ਲਈ ਉਹ ਉਨ੍ਹਾਂ ਨੂੰ ਸੱਚਾ ਕਸ਼ਮੀਰੀ ਨਹੀਂ ਮੰਨਦੇ।