ਚੰਡੀਗੜ੍ਹ, 27 ਜੂਨ (ਵਿਕਰਮਜੀਤ ਸਿੰਘ ਮਾਨ)- ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਮਨਰੇਗਾ ਦੀ ਥਾਂ ਲਿਆਂਦੇ ਗਏ ‘ਵਿਕਸਿਤ ਭਾਰਤ-ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ’ (ਵੀ ਬੀ ਜੀ ਰਾਮ ਜੀ) ਕਾਨੂੰਨ ਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਸਖ਼ਤ ਵਿਰੋਧ ਕੀਤਾ ਸੀ, ਪਰ ਹੁਣ ਪੰਜਾਬ ਸਰਕਾਰ ਨੇ ਇਸ ਨਵੇਂ ਕਾਨੂੰਨ/ਸਕੀਮ ਨੂੰ ਸੂਬੇ ਵਿਚ ਲਾਗੂ ਕਰ ਦਿੱਤਾ ਹੈ। ਸਰਕਾਰ ਵਲੋਂ ਲਏ ਇਸ ਫ਼ੈਸਲੇ ਨੂੰ ਵਿਰੋਧੀ ਧਿਰ ਕਾਂਗਰਸ ਨੇ ਪੰਜਾਬ, ਪੰਜਾਬੀਆਂ ਗ਼ਰੀਬਾਂ ਦਲਿਤਾਂ ਤੇ ਮਜ਼ਦੂਰਾਂ ਨਾਲ ਵੱਡਾ ਧੋਖਾ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ ਨਵੇਂ ‘ਜੀ ਰਾਮ ਜੀ’ ਕਾਨੂੰਨ ਖ਼ਿਲਾਫ਼ ਇੱਕਮਤ ਹੋ ਕੇ ਮਤਾ ਪਾਸ ਕੀਤਾ ਸੀ। ਪਰ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ, ਜਿਸਦਾ ਵਿਰੋਧੀ ਧਿਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ’ਚ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਪਾਸੇ ਕਿਸਾਨਾਂ ਤੇ ਦੂਜੇ ਪਾਸੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ। ਕੇਂਦਰ ਸਰਕਾਰ ਅੱਗੇ ਝੁਕਦੇ ਹੋਏ ਹੋਏ ਆਮ ਆਦਮੀ ਪਾਰਟੀ ਨੇ ਜਿਸ ਜੀ ਰਾਮ ਜੀ ਯੋਜਨਾ ਦਾ ਵਿਰੋਧ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਸੀ, ਅੱਜ ਉਸੇ ਯੋਜਨਾ ਨੂੰ ਚੁੱਪ-ਚਾਪ ਪੰਜਾਬ ਵਿਚ ਲਾਗੂ ਕਰ ਦਿੱਤਾ ਹੈ, ਜੋ ਕਿ ਇਹ ਲੱਖਾਂ ਮਨਰੇਗਾ ਮਜ਼ਦੂਰਾਂ ਦੇ ਰੋਜ਼ਗਾਰ ਨਾਲ ਕੀਤਾ ਗਿਆ ਸਮਝੌਤਾ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਸਿਆਸੀ ਪਾਖੰਡ ਕਰਨ ਦਾ ਦੋਸ਼ ਲਗਾਇਆ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਆਖਿਰਕਾਰ ਭਾਰਤੀ ਜਨਤਾ ਪਾਰਟੀ ਨਾਲ ਕਿਹੜੇ ਸਮਝੌਤੇ ਤਹਿਤ ‘ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ-ਗ੍ਰਾਮੀਣ (ਵੀਬੀ ਜੀ ਰਾਮਜੀ) ਸਕੀਮ ਨੂੰ ਪੰਜਾਬ ਵਿਚ ਲਾਗੂ ਕੀਤਾ ਹੈ। ਉਨ੍ਹਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਉਹ ਪੰਜਾਬ ਵਿਚ ਵੀਬੀ ਜੀ ਰਾਮਜੀ ਸਕੀਮ ਲਾਗੂ ਕਰਨ ਦੇ ਭਗਵੰਤ ਮਾਨ ਦੇ ਫ਼ੈਸਲੇ ਨਾਲ ਸਹਿਮਤ ਹਨ ?