ਅੰਮ੍ਰਿਤਸਰ, 27 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਜਿੱਥੇ 5 ਅਹਿਮ ਵੱਡੇ ਐਲਾਨ ਕੀਤੇ ਉਥੇ ਹੀ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ। ਅੰਮ੍ਰਿਤਸਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ‘ਇਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 5 ਵੱਡੇ ਫ਼ੈਸਲੇ ਕੀਤੇ ਹਨ, ਜਿਸ ਨਾਲ ਸੂਬੇ ’ਚ ਅਧਿਆਤਮਕ ਅਤੇ ਰੂਹਾਨੀ ਮਾਹੌਲ ਦੇ ਨਾਲ-ਨਾਲ ਭਾਈਚਾਰਕ ਸਾਂਝ ਹੋਰ ਮਜਬੂਤ ਹੋਵੇਗੀ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਆਸਥਾ ਅਤੇ ਉਤਸ਼ਾਹ ਨੂੰ ਦੇਖਦੇ ਹੋਏ ‘ਇਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਧਾਰਮਿਕ ਸਮਾਗਮ ਨੂੰ ਜਿਥੇ ਸੂਬੇ ਦੇ ਵੱਖ-ਵੱਖ 22 ਸ਼ਹਿਰਾਂ ’ਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਉਥੇ ਹੀ ਪਟਿਆਲਾ ’ਚ ਆਸਥਾ ਦੇ ਕੇਂਦਰ ਕਾਲੀ ਮਾਤਾ ਦੇ ਮੰਦਿਰ ਦਾ ਪੰਜਾਬ ਸਰਕਾਰ ਵਲੋਂ 80 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਤੂਬਰ ਤੋਂ ਬਾਅਦ ਉਸ ਮੰਦਿਰ ਦੇ ਦਰਸ਼ਨ ਕਰਨ ਲਈ ਜਰੂਰ ਜਾਣ, ਕਿਉਂਕਿ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੰਦਿਰ ਬਣੇਗਾ। ਕੇਜਰੀਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 2 ਰੂਟ ਤੋਂ ਬਾਅਦ ਹੁਣ 3 ਨਵੇਂ ਰੂਟ ਹੋਰ ਸ਼ੁਰੂ ਕੀਤੇ ਜਾ ਰਹੇ ਹਨ ਜਿਸ ’ਚ ਸਾਲਾਸਰ ਤੇ ਖਾਟੂਸ਼ਾਮ, ਹਰਿਦੁਆਰ ਰਿਸ਼ੀਕੇਸ਼ ਤੇ ਮਥੁਰਾ ਵ੍ਰਿੰਦਾਵਨ, ਮਾਤਾ ਨੈਣਾ ਦੇਵੀ ਸ਼ਾਮਿਲ ਹਨ । 1 ਅਗਸਤ ਤੋਂ ਪੂਰੇ ਪੰਜਾਬ ’ਚ ‘ਹਮਾਰੇ ਰਾਮ’ ਇਕ ਨਾਟਕ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ’ਚ ਅਦਾਕਾਰ ਆਸ਼ੂਤੋਸ਼ ਰਾਣਾ ਮੁੱਖ ਭੂਮਿਕਾ ਨਿਭਾਉਂਦੇ ਹਨ । ਇਸ ਨਾਟਕ ਦੀ 8 ਹਜਾਰ ਰੁਪਏ ਫੀਸ ਹੈ ਪਰ ਪੰਜਾਬੀਆਂ ਨੂੰ ਇਹ ਪ੍ਰਭਾਵਸ਼ਾਲੀ ਨਾਟਕ ਬਿਲਕੁਲ ਫ੍ਰੀ ਦਿਖਾਇਆ ਜਾਵੇਗਾ । ਆਖਰੀ ਐਲਾਨ ਕਰਦਿਆਂ ਕੇਜਰੀਵਾਲ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਨੇ ਇਥੇ ਹੀ ਰਮਾਇਣ ਲਿਖੀ ਸੀ, ਜਿਥੇ ਜਾਨਕੀ ਮਾਤਾ ਰਹੇ ਤੇ ਲਵ ਕੁੱਸ਼ ਦਾ ਪਾਲਣ ਪੋਸ਼ਣ ਹੋਇਆ। ਉਨ੍ਹਾਂ ਕਿਹਾ ਕਿ ਰਾਮਤੀਰਥ ਵਿਖੇ ਵਾਲਮੀਕਿ ਮੰਦਿਰ ਦੇ ਨਜਦੀਕ ਮਾਤਾ ਜਾਨਕੀ ਤੇ ਲਵ ਕੁੱਸ਼ ਦਾ ਅਦਭੁੱਤ ਮੰਦਿਰ ਬਣਾਇਆ ਜਾਵੇਗਾ । ਇਸ ਦੌਰਾਨ ਭਗਵੰਤ ਮਾਨ ਨੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਜਰਖੇਜ਼ ਹੈ, ਇਥੇ ਜਿਹੜਾ ਵੀ ਬੀਜ ਬੀਜਦੇ ਹੋ ਉਹ ਉੱਗ ਜਾਂਦਾ ਪਰ ਇਥੇ ਨਫਰਤ ਦਾ ਬੀਜ ਨਹੀਂ ਉੱਗਦਾ। ਇਸ ਦੌਰਾਨ ਵੱਡੀ ਗਿਣਤੀ ’ਚ ਹਾਜ਼ਰੀ ਭਰਨ ਆਏ ਸ਼ਰਧਾਲੂਆਂ ਨੇ ਉਘੇ ਗਾਇਕ ਹੰਸ ਰਾਜ ਰਘੂਵੰਸ਼ੀ ਦੁਆਰਾ ਗਾਏ ਭਜਨ ਸਰਵਣ ਕੀਤੇ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਸੁਨੀਤਾ ਕੇਜਰੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰੰਘ, ਦੀਪਕ ਬਾਲੀ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕਾ ਜੀਵਨਜੋਤ ਕੌਰ, ਵਿਧਾਇਕ ਡਾ. ਅਜੇ ਗੁਪਤਾ, ਡਾਇ. ਹਰਪ੍ਰੀਤ ਸਿੰਘ ਆਹਲੂਵਾਲੀਆ, ਜਸਕਰਨ ਬੰਦੇਸ਼ਾ ਆਦਿ ਹਾਜ਼ਰ ਸਨ ।