ਲੱਖਾਂ ਦੀ ਗਿਣਤੀ ’ਚ ਬੂਟੇ ਲਗਾਉਣ ਉਪਰੰਤ ਕਿਸਾਨ ਤਰਸ ਰਹੇ ਨੇ ਸਹਾਇਤਾ ਰਾਸ਼ੀ ਨੂੰ
ਮੁਕੰਦਪੁਰ (ਨਵਾਸ਼ਹਿਰ), 2 ਜੁਲਾਈ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਕਣਕ ਝੋਨੇ ਦੇ ਫਸਲੀ ਚੱਕਰ ’ਚੋਂ ਕਿਸਾਨਾਂ ਨੂੰ ਕੱਢਣ ਲਈ ਖੇਤੀ ਵਿਚ ਵਿਭਿੰਨਤਾ ਲਿਆਉਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਰਕਰਾਰ ਰੱਖਣ ਲਈ ਖੇਤੀਬਾੜੀ ਵਾਸਤੇ ‘ਐਗਰੋ ਫੋਰਸਟਰੀ’ ਸਕੀਮ ਚਾਲੂ ਕੀਤੀ ਗਈ ਸੀ। ਇਸ ਸਕੀਮ ਅਧੀਨ ਖੇਤਾਂ ਵਿਚ ਝੋਨਾ ਨਾ ਲਗਾ ਕੇ ਪਾਪੂਲਰ, ਸਫੈਦਾ ਅਤੇ ਹੋਰ ਬੂਟੇ ਲਗਾਉਣ ਵਾਲੇ ਕਿਸਾਨ ਨੂੰ ਪ੍ਰਤੀ ਬੂਟਾ 30 ਰੁਪਏ ਪਹਿਲੇ ਸਾਲ ਅਤੇ 15/15 ਰੁਪਏ ਪ੍ਰਤੀ ਬੂਟਾ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਾਲ ਦੇਣ ਦੀ ਵਿਵਸਥਾ ਕੀਤੀ ਗਈ ਹੈ, ਪ੍ਰੰਤੂ ਇਸ ਵਾਰ ਪੰਜਾਬ ਸਰਕਾਰ ਦੀ ਵੈਬਸਾਈਟ ਡੂੰਘੀ ਨੀਂਦ ਵਿਚ ਸੁੱਤੀ ਜਾਪਦੀ ਹੈ, ਜਦਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ, ਸਗੋਂ ਇੰਨਾ ਆਖ ਕੇ ਸਾਰ ਦਿੱਤਾ ਜਾਂਦਾ ਹੈ ਕਿ ਅਜੇ ਪੋਰਟਲ ਨਹੀਂ ਖੁੱਲ੍ਹ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਬਿਆਨਬਾਜ਼ੀ ਤਾਂ ਬਹੁਤ ਕਰਦੀ ਹੈ ਪਰ ਅਸਲ ਵਿੱਚ ਇਹਨਾਂ ਸਕੀਮਾਂ ਤੋਂ ਸਰਕਾਰ ਆਪ ਹੀ ਪੈਰ ਪਿਛਾਂ ਖਿੱਚ ਰਹੀ ਹੈ। ਕਿਸਾਨਾਂ ਵਲੋਂ ਖੇਤੀਬਾੜੀ ਵਿਭਿੰਨਤਾ ਅਪਣਾਉਣ ਨੂੰ ਮੱਦੇ ਨਜ਼ਰ ਰੱਖਦਿਆਂ ਕਣਕ ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਬੂਟੇ ਲਗਾਉਣ ਨੂੰ ਤਰਜੀਹ ਦਿੱਤੀ ਗਈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਤੋਂ ਸਿਵਾਏ ਕੁਝ ਨਹੀਂ ਪੈ ਰਿਹਾ, ਜਦਕਿ ਝੋਨੇ ਦੀ ਫ਼ਸਲ ਕਿਸਾਨ ਨੂੰ ਕਾਫੀ ਲਾਭ ਦਿੰਦੀ ਹੈ। ਪ੍ਰੰਤੂ ਪਾਪੂਲਰ ਅਤੇ ਸਫੈਦਿਆਂ ਵਿਚ ਕੀਤੀ ਇੰਟਰ ਕਰੋਪ ਦਾ ਝਾੜ ਨਿਗੂਣਾ ਹੀ ਹੁੰਦਾ ਹੈ ਅਤੇ ਉਹ ਵੀ ਇਕ ਜਾਂ ਦੋ ਸਾਲ ਫਸਲ ਹੁੰਦੀ ਹੈ। ਉਸ ਤੋਂ ਬਾਅਦ ਖੇਤ ਖਾਲੀ ਰੱਖਣੇ ਪੈਂਦੇ ਹਨ ਅਤੇ ਕਿਸਾਨ ਨੂੰ ਦਰਖਤਾਂ ਦੀ ਕਟਾਈ ਤੱਕ ਹੋਰ ਵਸੀਲਿਆਂ ਤੋਂ ਪੈਸੇ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਹੁੰਦਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਪੈਸੇ ਦੀ ਕੋਈ ਵੀ ਕਮੀ ਨਾ ਹੋਣ ਦੇ ਦਮਗਜੇ ਮਾਰਦੇ ਹਨ ਪਰੰਤੂ ਅਸਲ ਵਿਚ ਸਰਕਾਰੀ ਵਿਭਾਗ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਹੀ ਗੁਜ਼ਰਦੇ ਨਜ਼ਰ ਆ ਰਹੇ ਹਨ।
ਪੰਜਾਬ ਸਰਕਾਰ ਦੀ ‘ਐਗਰੋ ਫੋਰੈਸਟਰੀ’ ਸਕੀਮ ਦਾ ਘੁੱਟਿਆ ਦਮ
ਅਜੀਤ ਡੈਸਕ
03-07-2026