ਚੰਡੀਗੜ੍ਹ, 2 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਪਏ ਮੀਂਹ ਦੇ ਬਾਵਜੂਦ ਫ਼ਾਜ਼ਿਲਕਾ ਜ਼ਿਲ੍ਹਾ ਸੁੱਕਾ ਹੀ ਰਹਿ ਗਿਆ, ਜਦੋਂਕਿ ਸੂਬੇ ਵਿਚੋਂ ਸਭ ਤੋਂ ਵੱਧ ਜ਼ਿਲ੍ਹਾ ਫ਼ਰੀਦਕੋਟ ਵਿਚ 80.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਦਿਨ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਅਨੁਮਾਨ ਹੈ ਕਿ ਅਗਲੇ ਹਫ਼ਤਾ ਭਰ ਸੂਬੇ ਵਿਚ ਮੀਂਹ ਪੈਣ ਅਤੇ 40 ਤੋਂ 50 ਕਿਲੋਮੀਟਰ ਪਰ ਗਤੀ ਦੀਆਂ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਰਹੇਗਾ।ਮੌਸਮ ਵਿਭਾਗ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ’ਚ 33.5 ਮਿਲੀਮੀਟਰ, ਗੁਰਦਾਸਪੁਰ ’ਚ 13.4 ਮਿ.ਮੀ, ਅੰਮ੍ਰਿਤਸਰ ’ਚ 26.7 ਮਿ.ਮੀ, ਫ਼ਿਰੋਜ਼ਪੁਰ ’ਚ 46.7 ਮਿਲੀਮੀਟਰ, ਕਪੂਰਥਲਾ ’ਚ 4.3 ਮਿ.ਮੀ, ਜਲੰਧਰ ’ਚ 10 ਮਿ.ਮੀ, ਹੁਸ਼ਿਆਰਪੁਰ ’ਚ 1.2 ਮਿ.ਮੀ, ਸ਼ਹੀਦ ਭਗਤ ਸਿੰਘ ਨਗਰ ’ਚ 3.1 ਮਿ.ਮੀ, ਰੂਪਨਗਰ ’ਚ 4.5 ਮਿ.ਮੀ, ਤਰਨਤਾਰਨ ’ਚ 14.1 ਮਿ.ਮੀ, ਮੋਗਾ ’ਚ 43.8 ਮਿ.ਮੀ, ਲੁਧਿਆਣਾ ’ਚ 49 ਮਿ.ਮੀ, ਮੁਕਤਸਰ ’ਚ 5.8 ਮਿ.ਮੀ, ਬਠਿੰਡਾ ’ਚ 26.9 ਮਿ.ਮੀ, ਬਰਨਾਲਾ ’ਚ 28.4 ਮਿ.ਮੀ, ਸੰਗਰੂਰ ’ਚ 36.4 ਮਿ.ਮੀ, ਮਾਨਸਾ ’ਚ 16 ਮਿ.ਮੀ, ਪਟਿਆਲਾ ’ਚ 6.3 ਮਿ.ਮੀ, ਫਤਿਹਗੜ੍ਹ ਸਾਹਿਬ ’ਚ 4 ਮਿ.ਮੀ ਅਤੇ ਐਸ.ਏ.ਐਸ ਨਗਰ ਵਿਚ 11 ਮਿਲੀਮੀਟਰ ਮੀਂਹ ਪਿਆ, ਜਦੋਂਕਿ ਫ਼ਰੀਦਕੋਟ, ਬਠਿੰਡਾ, ਸੰਗਰੂਰ, ਫ਼ਾਜ਼ਿਲਕਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਹਨ। ਪੰਜਾਬ ਵਿਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਦਿਨ ਦੇ ਤਾਪਮਾਨ ਵਿਚ ਕਮੀ ਆਈ ਹੈ। ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਰੂਪਨਗਰ ਵਿਚ ਦਰਜ ਕੀਤਾ ਗਿਆ , ਜਦੋਂਕਿ ਪਠਾਨਕੋਟ ’ਚ 34 ਡਿਗਰੀ, ਐਸ.ਏ.ਐਸ. ਨਗਰ ’ਚ 33.4 ਡਿਗਰੀ, ਮੋਗਾ ’ਚ 33 ਡਿਗਰੀ, ਹੁਸ਼ਿਆਰਪੁਰ ’ਚ 32.9 ਡਿਗਰੀ, ਫ਼ਿਰੋਜਪੁਰ ’ਚ 32.6 ਡਿਗਰੀ, ਬਠਿੰਡਾ ’ਚ 34.9 ਡਿਗਰੀ, ਲੁਧਿਆਣਾ ’ਚ 33.2 ਡਿਗਰੀ, ਪਟਿਆਲਾ ’ਚ 32.4 ਡਿਗਰੀ ਅਤੇ ਅੰਮ੍ਰਿਤਸਰ ਵਿਚ 33.1 ਡਿਗਰੀ ਸੈਲਸੀਅਸ ਰਿਹਾ।
ਸੂਬੇ ’ਚ ਕਈ ਥਾਵਾਂ ’ਤੇ ਮੀਂਹ ਪੈਣ ਕਾਰਨ ਤਾਪਮਾਨ ’ਚ ਗਿਰਾਵਟ
ਅਜੀਤ ਡੈਸਕ
03-07-2026