17 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਅਦਾਕਾਰ ਤਰਸੇਮ ਜੱਸੜ ਦੀ ‘ਦਸਤਾਰ’ ਫਿਲਮ
‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ
ਪੇਸ਼ਕਸ਼-ਜਤਿੰਦਰ ਪੰਮੀ
ਜਲੰਧਰ, 4 ਜੁਲਾਈ-ਦਸਤਾਰ ਦੁਨੀਆ ਭਰ ’ਚ ਵੱਸਦੇ ਸਿੱਖਾਂ ਲਈ ਸਭ ਤੋਂ ਵੱਡੇ ਮਾਣ ਤੇ ਸਨਮਾਨ ਅਤੇ ਨਿਕਵੇਲੀ ਪਛਾਣ ਦੀ ਪ੍ਰਤੀਕ ਹੈ। ਦਸਤਾਰਧਾਰੀ ਚਾਹੇ ਲੱਖਾਂ ਲੋਕਾਂ ਦੀ ਭੀੜ ਵਿਚ ਇਕੱਲਾ ਹੀ ਖੜ੍ਹਾ ਹੋਵੇ, ਦੂਰੋਂ ਦੇਖ ਕੇ ਲੋਕ ਪਛਾਣ ਲੈਂਦੇ ਹਨ ਕਿ ਉਹ ਸਰਦਾਰ ਵਿਅਕਤੀ ਹੈ। ਇਹ ਪ੍ਰਗਟਾਵਾ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਤਰਸੇਮ ਜੱਸੜ, ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਹ ਆਪਣੀ 17 ਜੁਲਾਈ ਨੂੰ ਵਿਸ਼ਵ ਭਰ ’ਚ ਰਿਲੀਜ਼ ਹੋਣ ਜਾ ਰਹੀ ਨਵੀਂ ਫਿਲਮ ‘ਦਸਤਾਰ’ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਆਏ ਹੋਏ ਸਨ। ਦਸਤਾਰਧਾਰੀ ਦੀ ਦੇਸ਼-ਵਿਦੇਸ਼ਾਂ ’ਚ ਅਹਿਮਤੀਅਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਅਦਾਕਾਰ ਤਰਸੇਮ ਜੱਸੜ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਰੂ ਸਾਹਿਬਾਨ, ਸਿੱਖ ਯੋਧਿਆਂ ਤੇ ਸਾਡੇ ਬਜ਼ੁਰਗਾਂ ਨੇ ਲੱਖਾਂ ਦੀ ਗਿਣਤੀ ’ਚ ਲਾਸਾਨੀ ਕੁਰਬਾਨੀਆਂ ਦੇ ਕੇ ਦਸਤਾਰ ਦੀ ਸ਼ਾਨ ਕਾਇਮ ਕੀਤੀ। ਉਨ੍ਹਾਂ ਦੀ ਕੁਰਬਾਨੀ ਸਦਕਾ ਹੀ ਅੱਜ ਵਿਸ਼ਵ ਵਿਚ ਸਿੱਖਾਂ ਨੂੰ ਬੜੇ ਹੀ ਸਨਮਾਨ ਨਾਲ ਦੇਖਿਆ ਜਾਂਦਾ ਹੈ। ਇਹ ਉਨ੍ਹਾਂ ਦੀ ਕੀਤੀ ਹੋਈ ਅਜਿਹੀ ਕਮਾਈ ਹੈ, ਜਿਸ ਨੂੰ ਕਾਇਮ ਰੱਖਣਾ ਸਾਡੀ ਮੌਜੂਦਾ ਪੀੜ੍ਹੀ ਦਾ ਸਭ ਤੋਂ ਵੱਡਾ ਫਰਜ਼ ਹੈ। ਦਸਤਾਰਧਾਰੀ ਨੂੰ ਵੇਖ ਕੇ ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਔਰਤਾਂ ਸੁਰੱਖਿਤ ਮਹਿਸੂਸ ਕਰਦੀਆਂ ਹਨ, ਬਾਰੇ ਪੁੱਛੇ ਜਾਣ ’ਤੇ ਫਿਲਮੀ ਅਦਾਕਾਰ ਨੇ ਬੜੇ ਹੀ ਸ਼ਾਨਦਾਰ ਢੰਗ ਨਾਲ ਜਵਾਬ ਦਿੰਦਿਆਂ ਕਿ ਸਾਡੇ ਬਜ਼ੁਰਗਾਂ ਨੇ ਦਸਤਾਰ ਦੀ ਏਨੀ ਸ਼ਾਨ ਕਾਇਮ ਕੀਤੀ ਹੋਈ ਹੈ ਕਿ ਵਿਸ਼ਵ ’ਚ ਦਸਤਾਰਧਾਰੀ ਸਿੱਖ ਕਿਤੇ ਵੀ ਚਲਾ ਜਾਵੇ, ਲੋਕ ਉਸ ਨੂੰ ਬੜੇ ਸਤਿਕਾਰ ਨਾਲ ਵੇਖਦੇ ਹਨ ਅਤੇ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਜਿਹੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਇਸ ਲਈ ਸਾਡੇ ਨੌਜਵਾਨਾਂ ਦੀ ਦਸਤਾਰ ਦੀ ਸ਼ਾਨ ਕਾਇਮ ਰੱਖਣ ਲਈ ਉਸੇ ਤਰ੍ਹਾਂ ਦੀਆਂ ਉਦਾਹਰਨਾਂ ਪੇਸ਼ ਕਰਨੀਆਂ ਚਾਹੀਦੀਆਂ ਹਨ। ਮੌਜੂਦਾ ਪੀੜ੍ਹੀ ਦੇ ਆਪਣੇ ਇਤਿਹਾਸ ਤੋਂ ਟੁੱਟਣ ਬਾਰੇ ਪੁੱਛੇ ਜਾਣ ’ਤੇ ਤਰਸੇਮ ਜੱਸੜ ਨੇ ਕਿਹਾ ਕਿ ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟ ਰਹੇ ਹਾਂ। ਉਸ ਨੂੰ ਸੰਭਾਲਣਾ ਤੇ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਸੀਂ ਇੰਟਰਨੈੱਟ ਮੀਡੀਆ ’ਤੇ ਰੁਝੇ ਰਹਿੰਦੇ ਹਾਂ, ਜਿਥੇ ਭਾਂਤ-ਭਾਂਤ ਦੀ ਸਮੱਗਰੀ ਪਈ ਹੋਈ ਹੈ, ਜਿਸ ਦੀ ਤਰ੍ਹਾਂ ਸਮੱਗਰੀ ਕੋਈ ਦੇਖਦਾ ਹੈ, ਉਸੇ ਤਰ੍ਹਾਂ ਦੀ ਹੀ ਸਾਹਮਣੇ ਆਉਂਦੀ ਰਹਿੰਦੀ ਹੈ। ਜੇਕਰ ਅਸੀਂ ਇਤਿਹਾਸ ਨਾਲ ਸੰਬੰਧਿਤ ਸਮੱਗਰੀ ਦੇਖਾਂਗੇ ਤਾਂ ਸਾਨੂੰ ਆਪਣੇ ਇਤਿਹਾਸਕ ਵਿਰਸੇ ਬਾਰੇ ਜਾਣਕਾਰੀ ਮਿਲੇਗੀ ਪਰ ਕਈ ਵਾਰ ਅਸੀਂ ਅਜਿਹੀ ਸਮੱਗਰੀ ਦੇਖਣ ’ਚ ਘੰਟਿਆਂਬੱਧੀ ਰੁਝੇ ਰਹਿੰਦੇ ਹਨ, ਜੋ ਸਾਡੇ ਜੀਵਨ ’ਚ ਕੋਈ ਸਾਰਥਕ ਭੂਮਿਕਾ ਨਹੀਂ ਨਿਭਾਉਂਦੀ।
80ਵਿਆਂ ਦੇ ਪੰਜਾਬ ਤੇ ਯੂ. ਕੇ. ਵਿਚਲੇ ਸੰਘਰਸ਼ ਦੀ ਕਹਾਣੀ ਬਿਆਨ ਕਰਦੀ ਹੈ ਫਿਲਮ
ਨਵੀਂ ਰਿਲੀਜ਼ ਹੋ ਰਹੀ ਫਿਲਮ ‘ਦਸਤਾਰ’ ਬਾਰੇ ਪੁੱਛੇ ਜਾਣ ’ਤੇ ਤਰਸੇਮ ਜੱਸੜ ਨੇ ਕਿਹਾ ਕਿ ਇਹ ਫਿਲਮ 80ਵਿਆਂ ’ਚ ਪੰਜਾਬ ਤੇ ਯੂ. ਕੇ. ਵਿਚ ਸੰਘਰਸ਼ ਕਰਨ ਵਾਲੇ ਦਸਤਾਰਧਾਰੀ ਨੌਜਵਾਨ ਦੀ ਕਹਾਣੀ ਬਿਆਨ ਕਰਦੀ ਹੈ। ਹਰਨੇਕ ਸਿੰਘ ਨਾਂਅ ਦੇ ਉਕਤ ਨੌਜਵਾਨ ਨੂੰ ਸਥਿਤੀਆਂ ਤੇ ਹਾਲਾਤ ਨਾਲ ਨਜਿੱਠਣ ਲਈ ਕੀ-ਕੀ ਕਰਨਾ ਪਿਆ, ਉਸ ਬਾਰੇ ਫਿਲਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਉਸ ਵੇਲੇ ਦੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਤ ਹੈ, ਜਿਸ ਵਿਚ ਥੋੜ੍ਹਾ ਗਲਪ ਵੀ ਪਾਇਆ ਗਿਆ ਹੈ ਤਾਂ ਜੋ ਫਿਲਮ ਨੂੰ ਰੌਚਕ ਬਣਾਇਆ ਜਾ ਸਕੇ। ਫਿਲਮ ’ਚ ਹਥਿਆਰ ਚੁੱਕਣ ਬਾਰੇ ਕਹੇ ਜਾਣ ਬਾਰੇ ਪੁੱਛੇ ਜਾਣ ’ਤੇ ਤਰਸੇਮ ਜੱਸੜ ਨੇ ਕਿਹਾ ਕਿ ਹਰਨੇਕ ਸਿੰਘ ਲਈ ਜਦੋਂ ਕੋਈ ਹੋਰ ਰਾਹ ਨਹੀਂ ਬਚਦਾ ਤਾਂ ਉਸ ਨੂੰ ਹਥਿਆਰ ਚੁੱਕਣੇ ਪੈਂਦੇ ਹਨ ਪਰ ਉਹ ਨਿੱਜੀ ਮੁਫਾਦਾਂ, ਕਿਸੇ ਨੂੰ ਡਰਾਉਣ, ਧਮਕਾਉਣ ਤੇ ਦਬਾਉਣ ਲਈ ਹਥਿਆਰ ਨਹੀਂ ਚੁੱਕਦਾ।