ਮੁੰਬਈ, 4 ਜੁਲਾਈ (ਏਜੰਸੀ)-ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਰਿਲਾਇੰਸ ਕੈਪੀਟਲ ਲਿਮ. ਦੇ ਸਾਬਕਾ ਸੀ.ਐਫ.ਓ. ਅਮਿਤ ਬਾਪਨਾ ਨੂੰ 7 ਜੁਲਾਈ ਤੱਕ ਸੀ.ਬੀ.ਆਈ. ਦੀ ਹਿਰਾਸਤ ’ਚ ਭੇਜ ਦਿੱਤਾ। ਇਹ ਮਾਮਲਾ 9280 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਰਿਲਾਇੰਸ ਕੈਪੀਟਲ ਲਿਮ., ਅਨਿਲ ਧੀਰੂਬਾਈ ਅੰਬਾਨੀ ਗਰੁੱਪ ਦਾ ਹਿੱਸਾ ਸੀ। ਬਾਪਨਾ ਨੂੰ ਈ.ਡੀ. ਦੀ ਜਾਂਚ ਵਾਲੇ ਇਕ ਵੱਖਰੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਰੱਖਿਆ ਗਿਆ ਸੀ। ਸੀ.ਬੀ.ਆਈ. ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਤੋਂ ਮੁੰਬਈ ਲਿਆਂਦਾ ਤੇ ਇਥੇ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਸੀ.ਬੀ.ਆਈ. ਦੀ ਹਿਰਾਸਤ ’ਚ ਭੇਜ ਦਿੱਤਾ ਅਤੇ ਕਿਹਾ ਕਿ ਧੋਖਾਧੜੀ ਪਿੱਛੇ ਕਥਿਤ ਸਾਜ਼ਿਸ਼ ਦੀ ਪ੍ਰਭਾਵੀ ਢੰਗ ਨਾਲ ਜਾਂਚ ਕਰਨ ਲਈ ਹਿਰਾਸਤ ’ਚ ਪੁੱਛ ਗਿੱਛ ਜ਼ਰੂਰੀ ਹੈ।