ਨਵੀਂ ਦਿੱਲੀ, 4 ਜੁਲਾਈ (ਏਜੰਸੀ)-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲਾ ਪੱਤਰ ਲਿਖਿਆ ਹੈ। ਇਸ ’ਚ ਉਨ੍ਹਾਂ ਨੇ ਜੰਤਰ-ਮੰਤਰ ’ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ’ਤੇ ਆਪਣੀ ਲੰਬੀ ਚੁੱਪ ਤੋੜਨ ਤੇ ਕਥਿਤ ਤੌਰ ’ਤੇ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਲਈ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ। ‘ਇਨਸਾਨੀਅਤ ਦਾ ਸਵਾਲ-ਤੁਸੀਂ ਜੰਤਰ-ਮੰਤਰ ਨੂੰ ਕਦੋਂ ਤੱਕ ਨਜ਼ਰਅੰਦਾਜ਼ ਕਰੋਗੇ?’ਸਿਰਲੇਖ ਵਾਲੇ ਦੋ ਪੰਨਿਆਂ ਦੇ ਇਸ ਪੱਤਰ ’ਚ ਸੀ.ਜੇ.ਪੀ. ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ 15ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ, ਜਦੋਂ ਕਿ ਕਾਰਕੁੰਨ ਸੋਨਮ ਵਾਂਗਚੁਕ ਆਪਣੀ ਭੁੱਖ ਹੜਤਾਲ ਦੇ 7ਵੇਂ ਦਿਨ ’ਤੇ ਹਨ। ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦਿਪਕੇ, ਬੁਲਾਰਾ ਸੌਰਭ ਦਾਸ, ਆਸ਼ੁਤੋਸ਼ ਰੰਕਾ, ਵੈਸ਼ਨਵੀ ਗੌਰ, ਆਫਰੀਨ ਨਵਾਜ, ਦੀਪਕ ਬਾਲਿਆਨ, ਰਤਨਾ ਸਿੰਘ ਤੇ ਵਿਜੇਤਾ ਦਹੀਆ ਦੇ ਦਸਤਖਤਾਂ ਵਾਲੇ ਇਸ ਪੱਤਰ ’ਚ ਸਵਾਲ ਚੁੱਕਿਆ ਗਿਆ ਹੈ ਕਿ 20 ਜੂਨ ਨੂੰ ਜੰਤਰ ਮੰਤਰ ’ਤੇ ਸ਼ੁਰੂ ਹੋਏ ਲੰਬੇ ਅੰਦੋਲਨ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ। ਪੱਤਰ ’ਚ ਕਿਹਾ ਗਿਆ ਹੈ ਕਿ ਕੋਈ ਵੀ ਸਰਕਾਰ ਸਵਾਲਾਂ ਤੋਂ ਉਪਰ ਨਹੀਂ ਹੈ, ਕੋਈ ਵੀ ਮੰਤਰੀ ਜ਼ਿੰਮੇਵਾਰੀ ਤੋਂ ਉਪਰ ਨਹੀਂ ਹੈ ਤੇ ਕੋਈ ਵੀ ਪ੍ਰਸ਼ਾਸਨ ਜਵਾਬ ਮੰਗਣ ਵਾਲੇ ਨਾਗਰਿਕਾਂ ਦੀ ਆਵਾਜ਼ ਨਹੀਂ ਦਬਾ ਸਕਦਾ। ਇਸ ’ਚ ਕਿਹਾ ਗਿਆ ਕਿ ਇਹ ਵਿਰੋਧ ਸਿਰਫ ਇਕ ਰਾਜਨੀਤਕ ਗਤੀਵਿਧੀ ਨਹੀਂ , ਬਲਕਿ ਸਾਡੇ ਨੌਜਵਾਨਾਂ ਦੀ ਜਾਨ ਬਚਾਉਣ ਦੀ ਇਕ ਬੇਤਾਬ ਪੁਕਾਰ ਵੀ ਹੈ।