ਫਿਰੋਜ਼ਪੁਰ, 7 ਜੁਲਾਈ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫਿਰੋਜ਼ਪੁਰ ਮੰਡਲ ਨਾਸ਼ਵਾਨ (ਪੈਰੀਸ਼ੇਬਲ) ਫਲਾਂ ਦੀ ਢੋਆ-ਢੁਆਈ ਦੇ ਖੇਤਰ ਵਿਚ ਲਗਾਤਾਰ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਸਿਟੀ ਤੋਂ ਹੁਣ ਐੱਸ.ਐੱਲ.ਆਰ. ਦੇ ਨਾਲ-ਨਾਲ ਵੀ.ਪੀ. ਰਾਹੀਂ ਵੱਡੀ ਮਾਤਰਾ ਵਿਚ ਫਲਾਂ ਦੀ ਖੇਪ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਭੇਜੀ ਜਾ ਰਹੀ ਹੈ। ਰੇਲਵੇ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਤੇਜ਼, ਸੁਰੱਖਿਅਤ ਅਤੇ ਕਿਫ਼ਾਇਤੀ ਆਵਾਜਾਈ ਸਹੂਲਤਾਂ ਦਾ ਲਾਭ ਹੁਣ ਛੋਟੇ ਵਪਾਰੀ ਵੀ ਉਠਾ ਰਹੇ ਹਨ। ਕਈ ਛੋਟੇ ਵਪਾਰੀ ਵੱਡੇ ਫਲ ਵਪਾਰੀਆਂ ਨਾਲ ਮਿਲ ਕੇ ਆਪਣੇ ਨਾਸ਼ਵਾਨ ਫਲਾਂ ਦੀ ਖੇਪ ਰੇਲ ਮਾਰਗ ਰਾਹੀਂ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਤੱਕ ਭੇਜ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਵਿਆਪਕ ਬਾਜ਼ਾਰ ਉਪਲਬਧ ਹੋਣ ਦੇ ਨਾਲ-ਨਾਲ ਆਵਾਜਾਈ ਲਾਗਤ ਵਿਚ ਵੀ ਕਮੀ ਆਈ ਹੈ। ਰੇਲ ਆਵਾਜਾਈ ਪ੍ਰਤੀ ਵਧਦੇ ਵਿਸ਼ਵਾਸ ਦੇ ਚਲਦਿਆਂ ਫਿਰੋਜ਼ਪੁਰ ਮੰਡਲ ਨਾਸ਼ਵਾਨ ਫਲਾਂ ਦੀ ਢੋਆ-ਢੁਆਈ ਲਈ ਇਕ ਮਹੱਤਵਪੂਰਨ ਲੋਡਿੰਗ ਹੱਬ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਜੂਨ 2026 ਦੌਰਾਨ ਅੰਮ੍ਰਿਤਸਰ ਤੋਂ ਚੈਰੀ ਅਤੇ ਲੀਚੀ ਦੀ ਖੇਪ ਬਾਂਦਰਾ ਟਰਮੀਨਲ (ਮੁੰਬਈ), ਸੂਰਤ ਤੇ ਵਡੋਦਰਾ ਆਦਿ ਸ਼ਹਿਰਾਂ ਵਿਚ ਭੇਜੀ ਗਈ, ਜਦੋਂਕਿ ਲੀਚੀ ਅਤੇ ਨਾਸ਼ਪਾਤੀ ਹਾਵੜਾ/ਕੋਲਕਾਤਾ ਲਈ ਰਵਾਨਾ ਕੀਤੀ ਗਈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਲੀਚੀ ਦੀ ਖੇਪ ਬੀਨਾ, ਭੁਪਾਲ, ਬਾਂਦਰਾ ਟਰਮੀਨਲ, ਪਟਨਾ, ਸੂਰਤ, ਪੁਣੇ ਅਤੇ ਕਾਨਪੁਰ, ਅਤੇ ਜਲੰਧਰ ਸਿਟੀ ਤੋਂ ਬੀਨਾ, ਨਾਗਪੁਰ ਅਤੇ ਰਾਏਪੁਰ ਤੱਕ ਭੇਜੀ ਗਈ। ਅੰਮ੍ਰਿਤਸਰ ਸਟੇਸ਼ਨ ਤੋਂ ਐੱਸ.ਐੱਲ.ਆਰ. ਅਤੇ ਵੀ.ਪੀ. ਰਾਹੀਂ ਕੁੱਲ 20,410 ਬਕਸੇ (309 ਟਨ) ਨਾਸ਼ਵਾਨ ਫਲਾਂ ਦੀ ਬੁਕਿੰਗ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਲੁਧਿਆਣਾ ਤੋਂ ਕੁੱਲ 95 ਬਕਸੇ (1630 ਕਿੱਲੋਗ੍ਰਾਮ) ਅਤੇ ਜਲੰਧਰ ਸਿਟੀ ਰੇਲਵੇ ਤੋਂ ਕੁੱਲ 515 ਬਕਸੇ (6980 ਕਿੱਲੋਗ੍ਰਾਮ) ਨਾਸ਼ਵਾਨ ਫਲਾਂ ਦੀ ਬੁਕਿੰਗ ਦਰਜ ਕੀਤੀ ਗਈ ਹੈ। ਸੀਨੀਅਰ ਮੰਡਲ ਵਣਜ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਗਾਹਕਾਂ ਨੂੰ ਬਿਹਤਰ, ਭਰੋਸੇਮੰਦ ਅਤੇ ਸਮਾਂਬੱਧ ਮਾਲ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੁਆਰਾ ਕੀਤੇ ਜਾ ਰਹੇ ਲਗਾਤਾਰ ਯਤਨਾਂ ਅਤੇ ਵਪਾਰੀਆਂ ਨਾਲ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਮਾਲ ਆਵਾਜਾਈ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।
ਨਾਸ਼ਵਾਨ ਫਲਾਂ ਦੀ ਰਿਕਾਰਡ ਰੇਲ ਢੋਆ-ਢੁਆਈ ਨਾਲ ਫਿਰੋਜ਼ਪੁਰ ਮੰਡਲ ਬਣਿਆ ਦੇਸ਼ ਦਾ ਪ੍ਰਮੁੱਖ ਲੋਡਿੰਗ ਹੱਬ
ਅਜੀਤ ਡੈਸਕ
08-07-2026