06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਲਾਹੌਰ ਦੇ ਗੁਰਦੁਆਰਿਆਂ ਦੇ ਨਾਂਅ ਅਰਬਾਂ ਦੀ ਜਾਇਦਾਦ, ਫਿਰ ਵੀ ਨਹੀਂ ਕੀਤਾ ਜਾ ਰਿਹਾ ਰੱਖ-ਰਖਾਅ-ਅਮਰੀਕਾ

Ad Position 21
No active advertisement
ਅਜੀਤ ਡੈਸਕ 08-07-2026

ਜਗੀਰਾਂ ਦਾ ਕੁਝ ਹਿੱਸਾ ਅਸਥਾਨਾਂ ਦੀ ਮੁਰੰਮਤ ’ਤੇ ਵੀ ਕੀਤਾ ਜਾਵੇ ਖ਼ਰਚ-ਡਾ: ਬੁਤਾਲੀਆ
ਸੁਰਿੰਦਰ ਕੋਛੜ
ਅੰਮ੍ਰਿਤਸਰ, 7 ਜੁਲਾਈ-ਮਿਸਲ ਕਾਲ ਅਤੇ ਸਿੱਖ ਰਾਜ ਵੇਲੇ ਜਾਂ ਉਸ ਤੋਂ ਬਾਅਦ ਮੌਜੂਦਾ ਸਮੇਂ ਪਾਕਿਸਤਾਨ ‘ਚ ਰਹਿ ਗਏ ਇਤਿਹਾਸਕ ਗੁਰਦੁਆਰਿਆਂ ਦੇ ਨਾਂਅ ਲਗਾਈ ਗਈ ਹਜ਼ਾਰਾਂ ਏਕੜ ਜ਼ਮੀਨ ਸਮੇਤ ਅਰਬਾਂ ਰੁਪਇਆਂ ਦੀਆਂ ਜਾਇਦਾਦਾਂ ਅੱਜ ਵੀ ਗੁਰਦੁਆਰਿਆਂ ਦੇ ਨਾਂਅ ਹਨ। ਪਾਕਿ ਦੇ ਬਣਨ ਤੋਂ ਬਾਅਦ ਇਹ ਸਭ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਹਨ ਅਤੇ ਬੋਰਡ ਵਲੋਂ ਇਨ੍ਹਾਂ ਜ਼ਮੀਨਾਂ ‘ਤੇ ਰਹਿਣ ਵਾਲੇ ਅਤੇ ਖੇਤੀਬਾੜੀ ਕਰਨ ਵਾਲੇ ਲੋਕਾਂ ਤੇ ਕਾਰੋਬਾਰੀ ਅਦਾਰਿਆਂ ਪਾਸੋਂ ਕਰੋੜਾਂ ਦਾ ਮਾਲੀਆ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਸੰਬੰਧਿਤ ਗੁਰਦੁਆਰਿਆਂ ਦੇ ਰੱਖ-ਰਖਾਅ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਜ਼ਿਆਦਾਤਰ ਬੇ-ਆਬਾਦ ਗੁਰਦੁਆਰਿਆਂ ‘ਤੇ ਗ਼ੈਰ-ਸਿੱਖਾਂ ਦਾ ਕਬਜ਼ਾ ਹੈ ਅਤੇ ਇਨ੍ਹਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੁਕੀ ਹੈ। ਅਮਰੀਕਾ ਦੇ ਡਾ. ਤਰੁਨਜੀਤ ਸਿੰਘ ਬੁਤਾਲੀਆ ਨੇ ‘ਸਰਹੱਦ ਪਾਰ ਗੁਰਧਾਮ’, ‘ਮਹਾਨ ਕੋਸ਼’ ਸਮੇਤ 10 ਤੋਂ ਵੱਧ ਕਿਤਾਬਾਂ ਅਤੇ ਪਾਕਿ ਦੇ ਭੂਮੀ ਰਿਕਾਰਡ ਤੋਂ ਜਾਣਕਾਰੀ ਇਕੱਠੀ ਕਰਕੇ ਲਾਹੌਰ ਦੇ ਗੁਰਦੁਆਰਿਆਂ ਦੇ ਨਾਂਅ ਜਾਰੀ ਜਾਇਦਾਦਾਂ ਦਾ ਵੇਰਵਾ ਇਕੱਠਾ ਕੀਤਾ ਹੈ। ਉਨ੍ਹਾਂ ਇਹ ਜਾਣਕਾਰੀ ‘ਅਜੀਤ’ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਲਾਹੌਰ ਦੇ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ (ਚੂਨਾ ਮੰਡੀ) ਦੇ ਨਾਂਅ ਕਰੋੜਾਂ ਦੀ ਕੀਮਤ ਦੀਆਂ 8 ਦੁਕਾਨਾਂ, ਗੁਰਦੁਆਰਾ ਦੀਵਾਨਖਾਨਾ/ਧਰਮਸ਼ਾਲਾ ਗੁਰੂ ਰਾਮਦਾਸ ਜੀ ਦੇ ਨਾਂਅ ਪਿੰਡ ਰਾਣਾ ਭੱਟੀ, ਤਹਿਸੀਲ ਸ਼ਾਹਦਰਾ ‘ਚ 4 ਦੁਕਾਨਾਂ ਅਤੇ 18 ਘੁਮਾਓਂ ਜ਼ਮੀਨ, ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਦੇ ਨਾਂਅ ਕਈ ਦੁਕਾਨਾਂ, ਲਾਹੌਰ ‘ਚ 6 ਕਨਾਲ ਜ਼ਮੀਨ, ਪਿੰਡ ਬੱਲਾ ਬਸਤੀ ਰਾਮ ’ਚ ਜ਼ਮੀਨ, ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ ਦੇ ਨਾਂਅ ਚੂਨਾ ਮੰਡੀ ‘ਚ 1 ਦੁਕਾਨ, ਗੁਰਦੁਆਰਾ ਬਾਉਲੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਨਾਂਅ 112 ਦੁਕਾਨਾਂ, ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਂਅ ਪਿੰਡ ਨੰਦੀਪੁਰ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ‘ਚ 589 ਵਿੱਘਾ ਜ਼ਮੀਨ, ਕਸੂਰ ’ਚ ਖੂਹ, ਚੂਨਾ ਮੰਡੀ ’ਚ 1 ਘਰ, ਗੁਰਦੁਆਰਾ ਸ਼ਹੀਦਗੰਜ ਭਾਈ ਧਰਮ ਸਿੰਘ ਦੇ 3 ਕਮਰੇ, ਗੁਰਦੁਆਰਾ ਲਾਲ ਖੂਹ ਦੇ ਨਾਂਅ 1 ਦੁਕਾਨ, ਆਲੇ-ਦੁਆਲੇ 5 ਵਿੱਘੇ ਜ਼ਮੀਨ, ਪਿੰਡ ਖੋਖਰ ਵਿਖੇ 21 ਕਨਾਲ 14 ਮਰਲੇ ਜ਼ਮੀਨ, ਗੁਰਦੁਆਰਾ ਬਾਬਾ ਜਮੀਅਤ ਸਿੰਘ ਕਾਹਨਾ-ਨੋ 500 ਏਕੜ ਜ਼ਮੀਨ, ਗੁਰਦੁਆਰਾ ਹਰਿਗੋਬਿੰਦ ਸਾਹਿਬ ਝੱਲੀਆਂ ਦੇ ਨਾਂਅ ਜਾਗੀਰ, ਉਦਾਸੀ ਡੇਰਾ ਮਾਣਕ 700 ਏਕੜ ਜ਼ਮੀਨ, ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁਜੰਗ 19 ਦੁਕਾਨਾਂ, ਗੁਰਦੁਆਰਾ ਸ੍ਰੀ ਨਾਨਕਗੜ੍ਹ ਬਦਾਮੀ ਬਾਗ 9-10 ਵਿੱਘਾ ਜ਼ਮੀਨ ਅਤੇ 1 ਖੂਹ, ਗੁਰਦੁਆਰਾ ਹਰਿਗੋਬਿੰਦ ਸਾਹਿਬ ਰਾਮਪੁਰਾ ਖ਼ੁਰਦ 20 ਘੁਮਾਓਂ ਜ਼ਮੀਨ, ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਿਕਾਰਗੜ੍ਹ 4-5 ਵਿੱਘਾ ਜ਼ਮੀਨ, 10 ਦੁਕਾਨਾਂ, ਗੁਰਦੁਆਰਾ ਛੇਵੀਂ ਪਾਤਸ਼ਾਹੀ ਚੁੰਗੀ ਅਮਰ ਸਿੱਧੂ 17 ਕੈਨਾਲ ਜ਼ਮੀਨ, ਗੁਰਦੁਆਰਾ ਚੁਬੱਚਾ ਰਾਮ ਰਾਏ ਦੇ ਨਾਂਅ ਜ਼ਮੀਨ, ਗੁਰਦੁਆਰਾ ਛੋਟਾ ਨਾਨਕਿਆਣਾ ਮਾਂਗਾ 135 ਘੁਮਾਓਂ ਜ਼ਮੀਨ, ਗੁਰਦੁਆਰਾ ਪਾਤਸ਼ਾਹੀ ਛੇਵੀਂ ਚੁਮਾਲ੍ਹਾ 9 ਦੁਕਾਨਾਂ ਅਤੇ ਇਕ ਘਰ (ਆਟਾ ਚੱਕੀ), 4-5 ਹੋਰ ਘਰ, ਪਿੰਡ ਖੁਰਦਪੁਰ ‘ਚ 87 ਘੁਮਾਓਂ ਜ਼ਮੀਨ, ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਡੇਰਾ ਚਾਹਲ ਪਹਿਲੀ ਪਾਤਸ਼ਾਹੀ 100 ਏਕੜ ਜ਼ਮੀਨ; ਗੁਰਦੁਆਰਾ ਮੰਜੀ ਸਾਹਿਬ ਢਿਲਵਾਂ 64 ਕੈਨਾਲ ਜ਼ਮੀਨ, ਗੁਰਦੁਆਰਾ ਲਹੁੜਾ ਸਾਹਿਬ ਘਵਿੰਡੀ 83 ਕਨਾਲ ਜ਼ਮੀਨ ਅਤੇ ਲਾਹੌਰ ਦੇ ਗੁਰਦੁਆਰਾ ਹਰਿਗੋਬਿੰਦ ਸਾਹਿਬ ਗੁਰੂ ਮਾਂਗਟ ਦੇ ਨਾਂਅ 13 ਘੁਮਾਓਂ ਜ਼ਮੀਨ ਹੈ। ਡਾ. ਬੁਤਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈ. ਟੀ. ਪੀ. ਬੀ. ਨਾਲ ਵੀ ਇਹ ਵੇਰਵੇ ਸਾਂਝੇ ਕੀਤੇ ਹਨ, ਇਸ ਦੇ ਨਾਲ ਹੀ ਉਨ੍ਹਾਂ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਜਾਇਦਾਦਾਂ ਦੀ ਪੂਰੀ ਆਮਦਨ ਸੈਂਟਰਲ ਫ਼ੰਡ ‘ਚ ਜਮ੍ਹਾ ਕਰਨ ਦੀ ਬਜਾਇ ਇਸ ਦਾ ਕੁਝ ਹਿੱਸਾ ਗੁਰਦੁਆਰਿਆਂ ਦੀ ਮੁਰੰਮਤ ‘ਤੇ ਵੀ ਖ਼ਰਚ ਕੀਤਾ ਜਾਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਲਗਭਗ 39 ਹਜ਼ਾਰ ਏਕੜ ਜ਼ਮੀਨ ‘ਚੋਂ ਅੱਧੀ ਭੂਮੀ 750 ਮੁਰੱਬੇ ਭਾਵ 18,750 ਏਕੜ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਹੈ। ਉਨ੍ਹਾਂ ਦੇ ਨਾਂਅ ਇਹ ਜ਼ਮੀਨ ਰਾਏ ਭੋਇ ਦੀ ਮੰਡੀ ਦੇ ਚੌਧਰੀ ਰਾਏ ਬੁਲਾਰ ਭੱਟੀ ਨੇ ਆਪਣੇ ਜਿਉਂਦਿਆਂ ਲਗਾਈ ਸੀ।

Ad Position 22
No active advertisement
ਪਿਛਲੀ ਖ਼ਬਰ ਨਾਸ਼ਵਾਨ ਫਲਾਂ ਦੀ ਰਿਕਾਰਡ ਰੇਲ ਢੋਆ-ਢੁਆਈ ਨਾਲ ਫਿਰੋਜ਼ਪੁਰ ਮੰਡਲ ਬਣਿਆ ਦੇਸ਼ ਦਾ ਪ੍ਰਮੁੱਖ ਲੋਡਿੰਗ ਹੱਬ ਅਗਲੀ ਖ਼ਬਰ ਪੰਜਾਬ ਭਰ ਦੇ ਮਿਊਂਸਪਲ ਕਰਮਚਾਰੀ ਅੱਜ ਤੋਂ ਜਾਣਗੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ
Ad Position 24
No active advertisement