ਪਿੰਡਾਂ ਤੇ ਸ਼ਹਿਰਾਂ ਵਿਚ ਵੱਡੀਆਂ ਸਕਰੀਨਾਂ, ਐੱਲ.ਸੀ.ਡੀਜ਼ ’ਤੇ ਫਿਲਮ ਦਿਖਾਉਣ ਦੇ ਕੀਤੇ ਜਾ ਰਹੇ ਉਪਰਾਲੇ
ਹਰੀਕੇ ਪੱਤਣ, 7 ਜੁਲਾਈ (ਸੰਜੀਵ ਕੁੰਦਰਾ)-ਖਾੜਕੂਵਾਦ ਦੇ ਦੌਰ ਵਿਚ ਨੌਜਵਾਨਾਂ ਨੂੰ ਲਾਪਤਾ ਕਰਨ, ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਅਤੇ ਅਣਪਛਾਤਿਆਂ ਲਾਸ਼ਾਂ ਕਰਾਰ ਦੇ ਕੇ ਉਨ੍ਹਾਂ ਦਾ ਸਸਕਾਰ ਕਰਨ ਦੇ ਮਾਮਲੇ ਨੂੰ ਉਜਾਗਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਖ਼ੁਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਮਨੁੱਖੀ ਅਧਿਕਾਰਾਂ ਲਈ ਕੁਰਬਾਨੀ ਦੇ ਗਏ ਸਨ। ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਬਣੀ ਫਿਲਮ ‘ਸਤਲੁਜ’ ਜੋ ਕਿ 3 ਜੁਲਾਈ ਨੂੰ ਓ.ਟੀ.ਟੀ. ਪਲੇਟਫਾਰਮ ‘ਜੀ ਫਾਈਵ’ ’ਤੇ ਰਿਲੀਜ਼ ਹੋਈ ਅਤੇ 2 ਦਿਨ ਬਾਅਦ 5 ਜੁਲਾਈ ਨੂੰ ਇਹ ਫਿਲਮ ’ਤੇ ਭਾਰਤ ਵਿਚ ਰੋਕ ਲਗਾ ਦਿੱਤੀ ਗਈ। ਜਿਵੇਂ ਹੀ ਇਸ ਫਿਲਮ ’ਤੇ ਰੋਕ ਲਾਉਣ ਦੀ ਖ਼ਬਰ ਸਾਹਮਣੇ ਆਈ ਤਾਂ ਲੋਕਾਂ ਵਿਚ ਵੱਡਾ ਰੋਸ ਦੇਖਣ ਨੂੰ ਮਿਲਿਆ। ਬੇਸ਼ੱਕ ਇਹ ਫਿਲਮ ਹੁਣ ਓ.ਟੀ.ਟੀ. ਪਲੇਟਫਾਰਮ ’ਤੇ ਹਟਾ ਦਿੱਤੀ ਗਈ ਪਰ ਇਸ ਸਮੇਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਫਿਲਮ ਦੀ ਹਨੇਰ੍ਹੀ ਵਗ ਰਹੀ ਹੈ। ਲੋਕਾਂ ਵਲੋਂ ਇਹ ਫ਼ਿਲਮ ਡਾਊਨਲੋਡ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਸਾਈਟਾਂ ਵਟਸਐਪ, ਫੇਸਬੁੱਕ ਆਦਿ ’ਤੇ ਸ਼ੇਅਰ ਕਰਕੇ ਫਿਲਮ ਨੂੰ ਹਰ ਕਿਸੇ ਦੇ ਹੱਥ ਵਿਚ ਪਹੁੰਚਾ ਦਿੱਤਾ ਗਿਆ ਹੈ। ਭਾਈ ਜਸਵੰਤ ਸਿੰਘ ਖਾਲੜਾ ਜਿਨਾਂ ਨੇ ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਵਾਰ ਦਿੱਤੀ ਦੀ ਕਹਾਣੀ ਇਸ ਫਿਲਮ ਰਾਹੀਂ ਲੋਕਾਂ ਦੇ ਸਾਹਮਣੇ ਆਈ ਹੈ। ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਵਲੋਂ ਪ੍ਰਸਿੱਧ ਕਲਾਕਾਰ ਦਿਲਜੀਤ ਦੁਸਾਂਝ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਲਈ ਲਿਆਂਦਾ ਗਿਆ ਹੈ। ਦਿਲਜੀਤ ਦੋਸਾਂਝ ਨੇ ਵੀ ਇਸ ਕਿਰਦਾਰ ਨੂੰ ਬਾਖੂਬੀ ਨਿਭਾਇਆ ਅਤੇ ਹਰ ਵਰਗ, ਖਾਸ ਕਰਕੇ ਨੌਜਵਾਨਾਂ ਨੇ ਦਿਲਜੀਤ ਦੋਸਾਂਝ ਦੇ ਕਿਰਦਾਰ ਨੂੰ ਖੂਬ ਸਰਾਹਿਆ ਜਾ ਰਿਹਾ ਹੈ। ਭਾਈ ਜਸਵੰਤ ਸਿੰਘ ਖਾਲੜਾ ਵਲੋਂ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਜੰਗ ਲੜੀ ਨੂੰ ਇਸ ਫਿਲਮ ਵਿਚ ਬਾਖੂਬੀ ਪੇਸ਼ ਕੀਤਾ ਗਿਆ ਹੈ।
ਭਾਈ ਜਸਵੰਤ ਸਿੰਘ ਖਾਲੜਾ ਜਿੰਨਾਂ ਨੇ ਲਾਪਤਾ ਹੋਏ ਪਰਿਵਾਰਾਂ ਦੀ ਪੈਰ੍ਹਵਾਈ ਕਰਦਿਆਂ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਫਿਲਮ ‘ਸਤਲੁਜ’ ਵਿਚ ਕਲਾਕਾਰ ਦਿਲਜੀਤ ਦੁਸਾਂਝ ਨੇ ਜਿਸ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ, ਉਸ ਨੂੰ ਹਰ ਵਰਗ ਨੇ ਸਰਾਹਿਆ ਪਰ ਖਾਸ ਕਰਕੇ ਨੌਜਵਾਨਾਂ ਨੇ ਜਦ ਇਸ ਫਿਲਮ ਰਾਹੀਂ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਮਨੁੱਖੀ ਅਧਿਕਾਰਾਂ ਲਈ ਲੜੀ ਗਈ ਲੜਾਈ ਨੂੰ ਦੇਖਿਆ ਤਾਂ ਨੌਜਵਾਨਾਂ ਦੇ ਮਨਾਂ ਵਿਚ ਭਾਈ ਜਸਵੰਤ ਸਿੰਘ ਖਾਲੜਾ ਦੀ ਅਮਿੱਟ ਛਾਪ ਬਣ ਗਈ। ਇਹ ਫਿਲਮ ਰੋਕ ਲੱਗਣ ਕਾਰਨ ਰੁਕੀ ਨਹੀਂ ਸਗੋਂ ਹੋਰ ਵੀ ਤੇਜ਼ੀ ਨਾਲ ਲੋਕਾਂ ਤੱਕ ਪੁੱਜੀ। ਜਦ ਇਸ ਫਿਲਮ ’ਤੇ ਰੋਕ ਦੀ ਖ਼ਬਰ ਲੋਕਾਂ ਤੱਕ ਪੁੱਜੀ ਤਾਂ ਲੋਕਾਂ ਵਿਚ ਫ਼ਿਲਮ ਦੇਖਣ ਨੂੰ ਲੈ ਕੇ ਜਨੂੰਨ ਪੈਦਾ ਹੋ ਗਿਆ। ਅੱਜ ਸੋਸ਼ਲ ਮੀਡੀਆ ’ਤੇ ਸਤਲੁਜ ਫਿਲਮ ਦਾ ਬੋਲਬਾਲਾ ਹੈ। ਵਿਦੇਸ਼ਾਂ ਵਿਚ ਬੈਠੇ ਨੌਜਵਾਨ ਇਹ ਫਿਲਮ ਦੇਖਣ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਹਨ, ਇਹ ਨੌਜਵਾਨ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਤੋਂ ਹਰ ਕਿਸੇ ਨੂੰ ਜਾਣੂ ਕਰਵਾਉਣਾ ਚਾਹੁੰਦੇ ਹਨ, ਜਿਸ ਲਈ ਨੌਜਵਾਨਾਂ ਵਲੋਂ ਪਿੰਡਾਂ ਵਿਚ ਸਮੂਹਿਕ ਰੂਪ ਵਿਚ ਫ਼ਿਲਮ ਦਿਖਾਉਣ ਲਈ ਸਕਰੀਨਾਂ, ਐੱਲ. ਸੀ.ਡੀ. ਆਦਿ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਬੇਸ਼ੱਕ ਸਰਕਾਰ ਵਲੋਂ ਓ.ਟੀ..ਟੀ. ਪਲੇਟਫਾਰਮ ਤੋ ਫਿਲਮ ਹਟਾ ਦਿੱਤੀ ਹੈ ਪਰ ਫਿਲਮ ਨੂੰ ਲੋਕਾਂ ਤੱਕ ਪੁੱਜਣ ਤੋਂ ਰੋਕਣ ਵਿਚ ਸਰਕਾਰ ਅਸਫ਼ਲ ਰਹੀ ਹੈ।
ਹਰੀਕੇ ਤੋਂ ਸ਼ੁਰੂ ਹੋ ਕੇ ਹਰੀਕੇ ’ਤੇ ਖ਼ਤਮ ਹੁੰਦੀ ਹੈ ਫਿਲਮ ਦੀ ਕਹਾਣੀ
ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਬਣੀ ਫਿਲਮ ਸਤਲੁਜ, ਜੋ ਕਿ ਡਾਇਰੈਕਟਰ ਹਨੀ ਤ੍ਰੇਹਨ ਵਲੋਂ ਸਾਲ 2022 ਵਿਚ ਸ਼ੁਰੂ ਕੀਤੀ ਗਈ। ਅਨੇਕਾਂ ਅੜਚਣਾਂ ਤੋਂ ਬਾਅਦ 2 ਨਾਂਅ ਬਦਲਣ ਤੋਂ ਬਾਅਦ ਇਹ ਫਿਲਮ ‘ਸਤਲੁਜ’ ਦੇ ਨਾਂਅ ’ਤੇ 3 ਜੁਲਾਈ 2026 ਨੂੰ ਰਿਲੀਜ਼ ਹੋਈ। ਇਸ ਫਿਲਮ ਦੀ ਸ਼ੂਟਿੰਗ ਜਨਵਰੀ 2022 ਵਿਚ ਸ਼ੁਰੂ ਹੋਈ ਅਤੇ ਦਸੰਬਰ 2022 ਵਿਚ ਮੁਕੰਮਲ ਹੋਈ। ਇਸ ਫਿਲਮ ਦੀ ਕਹਾਣੀ ਦੀ ਸ਼ੁਰੂਆਤ ਵੀ ਮਾਝੇ ਦੇ ਪ੍ਰਵੇਸ਼ ਦੁਆਰ ਹਰੀਕੇ ਤੋਂ ਹੁੰਦੀ ਹੈ ਅਤੇ ਕਹਾਣੀ ਦਾ ਅੰਤ ਵੀ ਹਰੀਕੇ ’ਤੇ ਹੀ ਹੁੰਦਾ ਹੈ। ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਅ ਰਹੇ ਦਿਲਜੀਤ ਦੁਸਾਂਝ ਨੂੰ ਪੁਲਿਸ ਮੁਲਾਜ਼ਮ ਮਾਰਨ ਤੋਂ ਬਾਅਦ ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਰਾਜਸਥਾਨ ਫੀਡਰ ਅਤੇ ਫਿਰੋਜ਼ਪੁਰ ਫੀਡਰ ਨਹਿਰ ਵਿਚ ਸੁੱਟ ਦਿੰਦੇ ਹਨ। ਹਰੀਕੇ ਹੈੱਡ ਵਰਕਸ ’ਤੇ ਵੀ ਇਸ ਫਿਲਮ ਦੀ ਸ਼ੂਟਿੰਗ 2022 ਵਿਚ ਕੀਤੀ ਗਈ ਸੀ ਅਤੇ ਸਾਰੇ ਦ੍ਰਿਸ਼ ਰਾਤ ਸਮੇਂ ਹੀ ਫਿਲਮਾਏ ਗਏ ਸਨ।
ਸਰਕਾਰ ਵਲੋਂ ਹਟਾਉਣ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਫਿਲਮ ‘ਸਤਲੁਜ’ ਦੀ ਵਗ ਰਹੀ ਹਨ੍ਹੇਰੀ
ਅਜੀਤ ਡੈਸਕ
08-07-2026