ਚੰਡੀਗੜ੍ਹ, 8 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-11 ਸਥਿਤ ਕੈਮਿਸਟ ਸ਼ਾਪ ਦੇ ਖ਼ਜਾਨਚੀ ਜਾਨਕੀ ਦਾਸ ਦੀ 13 ਜੂਨ ਨੂੰ ਹੋਈ ਹੱਤਿਆ ਦੀ ਜਾਂਚ ਦੌਰਾਨ ਚੰਡੀਗੜ੍ਹ ਪੁਲਿਸ ਨੇ ਭਾਰਤੀ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ-ਅੱਤਵਾਦ, ਜਾਅਲੀ ਭਾਰਤੀ ਕਰੰਸੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਐੱਸ.ਪੀ. ਕ੍ਰਾਈਮ ਅਨੁਰਾਗ ਦਾਰੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਚਲਾਏ ਗਏ ਖ਼ੁਫ਼ੀਆ ਆਪ੍ਰੇਸ਼ਨ ਦੌਰਾਨ ਤਿੰਨ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਸਾਜ਼ਿਸ਼ ਦੇ ਮੁੱਖ ਸਾਜ਼ਿਸ਼ਕਾਰ ਕਪੂਰਥਲਾ ਜੇਲ੍ਹ ਵਿਚ ਬੰਦ ਗੈਂਗਸਟਰ ਧਰਮਿੰਦਰ ਸਿੰਘ ਉਰਫ਼ ਗੋਲੀ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਲਕਸ਼ੇ ਪਾਂਡੇ ਦੀ ਅਗਵਾਈ ਵਿਚ ਇੰਸਪੈਕਟਰ ਨਰਿੰਦਰ ਸਿੰਘ ਪਟਿਆਲ ਦੀ ਟੀਮ ਨੇ ਲਗਾਤਾਰ ਛਾਪੇਮਾਰੀ ਕਰਕੇ ਅਕਾਸ਼ ਕੁਮਾਰ ਉਰਫ਼ ਮਨੀ, ਸਚਿਨ ਸਿਲਵੈਸਟਰ ਅਤੇ ਗੁਰਮੀਤ ਸਿੰਘ ਉਰਫ਼ ਬਾਦਸ਼ਾਹ ਨੂੰ ਕਾਬੂ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿਚੋਂ 3.028 ਕਿੱਲੋਗ੍ਰਾਮ ਆਈਸ (ਮੈਥਾਮਫੈਟਾਮਾਈਨ), 8 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ (500 ਦੇ ਨੋਟਾਂ ਵਿਚ), ਦੋ ਅਤਿ-ਆਧੁਨਿਕ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਕਪੂਰਥਲਾ ਜੇਲ੍ਹ ਵਿਚ ਬੰਦ ਧਰਮਿੰਦਰ ਸਿੰਘ ਉਰਫ਼ ਗੋਲੀ, ਜਿਸ ਖ਼ਿਲਾਫ਼ ਕਤਲ, ਜਬਰੀ ਵਸੂਲੀ ਅਤੇ ਐੱਨ.ਡੀ.ਪੀ.ਐੱਸ. ਐਕਟ ਸਮੇਤ 32 ਅਪਰਾਧਿਕ ਕੇਸ ਦਰਜ ਹਨ, ਜੇਲ੍ਹ ਅੰਦਰੋਂ ਹੀ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਉਸ ਦੇ ਨਿਰਦੇਸ਼ਾਂ ’ਤੇ ਗੁਰਮੀਤ ਸਿੰਘ ਉਰਫ਼ ਬਾਦਸ਼ਾਹ ਨੇ ਜੰਮੂ-ਕਸ਼ਮੀਰ ਤੋਂ ਆਏ ਸ਼ੂਟਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ, ਉਨ੍ਹਾਂ ਨੂੰ ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਏ ਅਤੇ ਵਾਰਦਾਤ ਤੋਂ ਪਹਿਲਾਂ ਹਥਿਆਰਾਂ ਨੂੰ ਚਲਾਉਣ ਦੀ ਸਿਖਲਾਈ ਵੀ ਦਿੱਤੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਅਕਾਸ਼ ਕੁਮਾਰ ਉਰਫ਼ ਮਨੀ ਵਿਦੇਸ਼ ਵਿਚ ਬੈਠੇ ਗਰੋਹ ਸੰਚਾਲਕ ਨਾਲ ਸਿੱਧੇ ਸੰਪਰਕ ਵਿਚ ਸੀ ਅਤੇ ਉਹੀ ਗੈਰ-ਕਾਨੂੰਨੀ ਹਥਿਆਰ, ਆਈਸ ਡਰੱਗ ਅਤੇ ਜਾਅਲੀ ਭਾਰਤੀ ਕਰੰਸੀ ਦੀ ਸਪਲਾਈ ਕਰਦਾ ਸੀ। ਸਚਿਨ ਸਿਲਵੈਸਟਰ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਜਾਅਲੀ ਕਰੰਸੀ ਦੀ ਢੋਆ-ਢੁਆਈ ਅਤੇ ਗਰੋਹ ਦੇ ਹੋਰ ਮੈਂਬਰਾਂ ਤੱਕ ਸਪਲਾਈ ਕਰਨ ਦਾ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਜਾਣਕੀ ਦਾਸ ਹੱਤਿਆ ਮਾਮਲੇ ਵਿਚ ਮੁੱਖ ਸ਼ੂਟਰਾਂ ਸਮੇਤ ਕੁੱਲ 7 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।