ਅੰਮ੍ਰਿਤਸਰ/ ਅਜਨਾਲਾ, 31 ਜੁਲਾਈ (ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ)-ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ‘ਚ ਇਕ ਨਾਬਾਲਗ ਲੜਕਾ ਵੀ ਸ਼ਾਮਿਲ ਹੈ। ਇਨ੍ਹਾਂ ਵਲੋਂ ਬੀਤੇ 21 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਚੌਂਕੀ ਚਮਿਆਰੀ ਵਿਖੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਇਥੇ ਪੱਤਰਕਾਰ ਸੰਮੇਲਨ ‘ਚ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾ ਦੀ ਸ਼ਨਾਖਤ ਮਨਦੀਪ ਸਿੰਘ ਵਾਸੀ ਪਿੰਡ ਹਰੜ ਖੁਰਦ ਰਮਦਾਸ, ਪਰਦੀਪ ਸਿੰਘ ਉਰਫ ਲੜ ਵਾਸੀ ਗੁਜ਼ਰਪੁਰਾ ਮਜੀਠਾ, ਕਰਨਬੀਰ ਸਿੰਘ ਵਾਸੀ ਪਿੰਡ ਹਰੜ ਖੁਰਦ ਤੇ ਇਕ ਨਾਬਾਲਗ ਲੜਕੇ ਵਜੋਂ ਹੋਈ ਹੈ। ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ‘ਚੋਂ ਮਨਦੀਪ ਸਿੰਘ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਦਾ ਸ਼ੌਕੀਨ ਹੈ ਅਤੇ ਉਸਨੇ ਇੰਸਟਾਗ੍ਰਾਮ ਰਾਹੀਂ ਪਾਕਿ ਏਜੰਸੀ ਆਈ. ਐੱਸ. ਆਈ. ਹੈਂਡਲਰ ਰਾਣਾ ਬਾਈ ਦੇ ਅਕਾਊਂਟ ਰਾਹੀਂ ਸੰਪਰਕ ‘ਚ ਆਇਆ ਤੇ ਉਸਦੀਆਂ ਗੱਲਾਂ ‘ਚ ਆ ਕੇ ਆਪਣੇ ਨਾਲ ਤਿੰਨ ਹੋਰ ਲੜਕੇ ਵੀ ਸ਼ਾਮਿਲ ਕਰ ਲਏ। ਪਾਕਿ ਹੈਂਡਲਰਾਂ ਵਲੋਂ ਇਨ੍ਹਾਂ ਨੂੰ 15 ਹਜ਼ਾਰ ਰੁਪਏ ਗੂਗਲ ਪੇਅ ਕੀਤਾ ਗਿਆ ਜਦੋਂ ਕਿ ਬਾਕੀ 50 ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਨੂੰ ਵਾਰਦਾਤ ਕਰਨ ਤੋਂ ਬਾਅਦ ਮਿਲਣੀ ਸੀ। ਇਨ੍ਹਾਂ ‘ਚੋਂ 20-21 ਜੂਨ ਦੀ ਦਰਮਿਆਨੀ ਰਾਤ ਨੂੰ ਕਰਨਬੀਰ ਸਿੰਘ ਤੇ ਇਸ ਦੇ ਸਾਥੀ ਵਲੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚੌਂਕੀ ਚਮਿਆਰੀ ਤੇ ਪੈਟਰੋਲ ਬੰਬ ਸੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਨਦੀਪ ਸਿੰਘ ਤੇ ਪਰਦੀਪ ਸਿੰਘ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜ਼ਨਾ ਬਣਾਉਣ ‘ਚ ਸ਼ਾਮਿਲ ਸਨ। ਚਾਹਲ ਨੇ ਦੱਸਿਆ ਕਿ ਇਨ੍ਹਾਂ ਨੂੰ ਅਜਨਾਲਾ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਮੌਕੇ ਗੁਰਜੀਤਪਾਲ ਸਿੰਘ ਐੱਸ.ਪੀ. ਤੇ ਡੀ.ਐੱਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ ਵੀ ਹਾਜ਼ਰ ਸਨ।