ਡੀ.ਐਸ.ਪੀ., ਇੰਸਪੈਕਟਰ ਤੇ ਹੌਲਦਾਰ ਭਰਤੀ ਕਰਵਾਉਣ ਲਈ ਠੱਗੇ ਸੀ 31 ਲੱਖ 50 ਹਜ਼ਾਰ ਰੁਪਏ
ਸ਼ਾਹਕੋਟ (ਜਲੰਧਰ), 13 ਜੁਲਾਈ (ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਪੁਲਿਸ ਵੱਲੋਂ ਜਾਅਲੀ ਆਈ.ਪੀ.ਐੱਸ. ਅਫ਼ਸਰ ਬਣ ਕੇ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਠੱਗੀ ਵਿਚ ਸ਼ਾਮਿਲ ਉਸਦੀ ਪਤਨੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸ਼ਾਹਕੋਟ ਦੇ ਉਪ ਪੁਲਿਸ ਕਪਤਾਨ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ 17 ਜੁਲਾਈ 2025 ਨੂੰ ਰਵੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬਾਊਪੁਰ ਬੇਟ ਥਾਣਾ ਸ਼ਾਹਕੋਟ ਦੀ ਸ਼ਿਕਾਇਤ ‘ਤੇ ਅਨਮੋਲ ਰਤਨ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੋਟਲਾ ਸੁਲੇਮਾਨ ਥਾਣਾ ਸਰਹਿੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹਾਲ ਵਾਸੀ ਪੁਰਾਣੀ ਸਰਹਿੰਦ ਦਲੀਚੀ ਮੁਹੱਲਾ ਸਰਹਿੰਦ ਖ਼ਿਲਾਫ਼ ਮੁਕੱਦਮਾ ਨੰਬਰ 164 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਆਪਣੇ ਬਿਆਨ ਵਿਚ ਦੱਸਿਆ ਗਿਆ ਕਿ ਉਸਨੂੰ (ਰਵੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬਾਊਪੁਰ ਬੇਟ ਥਾਣਾ ਸ਼ਾਹਕੋਟ) ਪੁਲਿਸ ਮਹਿਕਮੇ ਵਿਚ ਡੀ.ਐਸ.ਪੀ., ਭਤੀਜੀ ਸੰਦੀਪ ਕੋਰ ਨੂੰ ਇੰਸਪੈਕਟਰ ਅਤੇ ਉਸਦੇ ਭਰਾ ਹਰਦੀਪ ਸਿੰਘ ਨੂੰ ਹੌਲਦਾਰ ਭਰਤੀ ਕਰਾਉਣ ਦਾਝਾਂਸਾ ਦੇ ਕੇ 31 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸਤੋਂ ਬਾਅਦ ਅਨਮੋਲ ਰਤਨ ਰੂਪੋਸ਼ ਹੋ ਗਿਆ ਸੀ। ਡੀ.ਐੱਸ.ਪੀ. ਬੱਲ ਨੇ ਦੱਸਿਆ ਕਿ ਅਨਮੋਲ ਰਤਨ ਦੇ ਪਿਤਾ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਰਦੇਵ ਨਗਰ ਸਰਹਿੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖਾਤੇ ਵਿਚ ਅਨਮੋਲ ਰਤਨ ਵੱਲੋਂ 3 ਲੱਖ ਰੁਪਏ ਟ੍ਰਾਂਸਫ਼ਰ ਕੀਤੇ ਜਾਣ ਕਰਕੇ ਉਸਨੂੰ 23 ਜੂਨ 2026 ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਬੰਦ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅਨਮੋਲ ਰਤਨ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਸ਼ਾਹਕੋਟ ਅਤੇ ਸੀ.ਆਈ.ਏ. ਸਟਾਫ਼ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਤੇ ਟੈਕਨੀਕਲ ਸੈੱਲ ਦੇ ਸਟਾਫ਼ ਪਾਸੋਂ ਤਕਨੀਕੀ ਸਹਾਇਤਾ ਪ੍ਰਾਪਤ ਕਰਕੇ ਅਨਮੋਲ ਰਤਨ ਤੇ ਉਸਦੀ ਪਤਨੀ ਮਨਦੀਪ ਕੌਰ ਨੂੰ 8 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸਨੇ ਹੋਰ ਲੋਕਾਂ ਨਾਲ ਵੀ ਠੱਗੀ ਮਾਰਨਾ ਕਬੂਲਿਆ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਦੋਸ਼ੀ ਅਨਮੋਲ ਰਤਨ ਪਾਸੋਂ ਇੱਕ ਲੈਪਟੋਪ, ਇੱਕ ਮੋਬਾਇਲ ਫ਼ੋਨ, ਜਾਅਲੀ ਆਈ.ਡੀ. ਕਾਰਡ ਅਤੇ ਹੋਰ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਜਾਅਲੀ ਆਈ.ਪੀ.ਐਸ. ਅਫ਼ਸਰ ਬਣ ਕੇ ਠੱਗੀਆਂ ਮਾਰਨ ਵਾਲਾ ਵਿਅਕਤੀ ਪਤਨੀ ਸਮੇਤ ਕਾਬੂ
ਅਜੀਤ ਡੈਸਕ
14-07-2026