ਬਰਨਾਲਾ, 13 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਕੌਮੀ ਇਨਸਾਫ਼ ਮੋਰਚਾ ਦੇ ਸੱਦੇ ’ਤੇ ਪੰਥਕ ਧਿਰਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕੋਠੀ ਅੱਗੇ ਧਰਨਾ ਦੇ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਐਡਵੋਕੇਟ ਮੁਹੰਮਦ ਜਮੀਲ, ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਭਾਕਿਯੂ ਏਕਤਾ ਹਰਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ, ਪੰਥਕ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਰਿਹਾਅ ਨਾ ਕਰਨਾ ਸਿੱਖ ਕੌਮ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੇ ਐਲਾਨ ਅਨੁਸਾਰ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਰੋਸ ਮਾਰਚ ਕੀਤਾ ਜਾਵੇਗਾ। 15 ਅਗਸਤ ਵਾਲੇ ਦਿਨ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਲੋਕ ਲਹਿਰ ਪੈਦਾ ਕੀਤੀ ਜਾਵੇਗੀ, ਜਿਸ ਦੀ ਤਿਆਰੀ ਲਈ 25 ਜੁਲਾਈ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਮੋਰਚੇ ਵਲੋਂ ਸਾਰੀਆਂ ਧਿਰਾਂ ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੌਕੇ ਪਾਲ ਸਿੰਘ ਫਰਾਂਸ, ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਕਾਲਾ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਬਲਵਿੰਦਰ ਸਿੰਘ ਫ਼ਿਰੋਜ਼ਪੁਰ, ਬੂਟਾ ਸਿੰਘ ਰਣਸੀਂਹ, ਲਖਵਿੰਦਰ ਸਿੰਘ ਖੋਸਾ, ਗੁਰਵਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ, ਪਾਲ ਸਿੰਘ ਘੜੂੰਆ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਖੁੱਡੀ, ਮਨਜੀਤ ਸਿੰਘ ਸੰਘੇੜਾ, ਕਾਕਾ ਸਿੰਘ ਕੋਟੜਾ, ਹੀਰਾ ਸਿੰਘ ਮਝੈਲ, ਉਕਾਰ ਸਿੰਘ ਬਰਾੜ, ਸਰਪੰਚ ਜੁਗਰਾਜ ਸਿੰਘ, ਹਰਜੀਤ ਸਿੰਘ ਖਿਆਲੀ, ਮਹਿਮਾ ਸਿੰਘ ਧਨੌਲਾ, ਕੁਲਵੰਤ ਸਿੰਘ ਖੋਸਾ, ਬੀਬੀ ਮਹਿੰਦਰ ਕੌਰ, ਬੀਬੀ ਸੁਖਜੀਤ ਕੌਰ, ਭੋਲਾ ਸਿੰਘ ਰਾਜਗੜ੍ਹ ਆਦਿ ਆਗੂ ਹਾਜ਼ਰ ਸਨ।