—ਹਰਿੰਦਰ ਸਿੰਘ—
ਤਰਨ ਤਾਰਨ, 13 ਜੁਲਾਈ -ਖਾੜਕੂਵਾਦ ਦੇ ਦੌਰ ਦੌਰਾਨ ਪੰਜਾਬ ਵਿਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਅੱਤਵਾਦ ਦੇ ਨਾਂਅ ’ਤੇ ਚੁੱਕ ਕੇ ਲਾਪਤਾ ਕਰਨ, ਮਾਰਨ ਅਤੇ ਉਨ੍ਹਾਂ ਦਾ ਲਾਵਾਰਿਸ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿਚ ਤਰਨ ਤਾਰਨ ਪੁਲਿਸ ਨੇ ਪੰਜਾਬ ਪੁਲਿਸ ਦਾ ਨਾਂਅ ਪੂਰੀ ਦੁਨੀਆਂ ਵਿਚ ਕਾਲੇ ਅੱਖਰਾਂ ਵਿਚ ਲਿਖ ਦਿੱਤਾ ਹੈ। ਖਾੜਕੂਵਾਦ ਦੇ ਦੌਰ ਦੌਰਾਨ ਮਾਰੇ ਗਏ ਨਾਜਾਇਜ਼ ਲੋਕਾਂ ਦੇ ਮਾਮਲੇ ਵਿਚ ਹੁਣ ਤੱਕ **ਸੀ.ਬੀ.ਆਈ. ਦੀਆਂ ਜਾਂਚਾਂ ਤੋਂ ਬਾਅਦ ਸੀ.ਬੀ.ਆਈ. ਦੀਆਂ ਅਦਾਲਤਾਂ ਵਲੋਂ 150 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦੋਸ਼ੀ ਮੰਨ ਕੇ ਸਜ਼ਾਵਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 80 ਫ਼ੀਸਦੀ ਤੋਂ ਵੱਧ ਇਹ ਪੁਲਿਸ ਅਧਿਕਾਰੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਦੱਸੇ ਜਾਂਦੇ ਹਨ। ਉਸ ਸਮੇਂ ਦੌਰਾਨ ਕਈ ਘਰਾਂ ਦੇ ਘਰ ਖ਼ਤਮ ਕਰ ਦਿੱਤੇ ਗਏ, ਇਥੋਂ ਤੱਕ ਕਿ ਕੁੱਛੜ ਚੁੱਕੇ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਬਹੁਤ ਸਾਰੇ ਪੁਲਿਸ ਅਧਿਕਾਰੀ ਸਜ਼ਾ ਪ੍ਰਾਪਤ ਕਰਕੇ ਜੇਲ੍ਹਾਂ ਵਿਚ ਹਨ ਅਤੇ ਕਈ ਮਾਮਲੇ **ਸੀ.ਬੀ.ਆਈ. ਅਦਾਲਤਾਂ ਵਿਚ ਅਜੇ ਵੀ ਵਿਚਾਰ ਅਧੀਨ ਹਨ। ਇਨਸਾਫ਼ ਲੈਣ ਲਈ ਪੀੜਤ ਪਰਿਵਾਰਾਂ ਨੇ ਲੰਮੀ ਲੜਾਈ ਲੜੀ। 1997 ਵਿਚ **ਸੀ.ਬੀ.ਆਈ. ਵਲੋਂ ਵੱਖ-ਵੱਖ ਮਾਮਲਿਆਂ ਵਿਚ ਅਗਵਾ ਕਰਕੇ ਲਾਪਤਾ ਕਰਕੇ ਮਾਰੇ ਗਏ ਵਿਅਕਤੀਆਂ ਲਈ ਕਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਬਣਾ ਕੇ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਕੇਸ ਸ਼ੁਰੂ ਕੀਤੇ ਗਏ ਪਰ ਪੁਲਿਸ ਅਧਿਕਾਰੀਆਂ ਵਲੋਂ ਆਪਣੇ ਕੇਸਾਂ ਨੂੰ ਉਚ ਅਦਾਲਤਾਂ ਵਿਚ ਵੱਖ-ਵੱਖ ਰਿੱਟਾਂ ਪਾ ਕੇ ਵੱਡਾ ਸਮਾਂ ਲਟਕਾਈ ਰੱਖਿਆ ਗਿਆ। ਇਸ ਸਮੇਂ ਦੌਰਾਨ ਕਈ ਦੋਸ਼ੀ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਕੇਸਾਂ ਦੇ ਗਵਾਹ ਰੱਬ ਨੂੰ ਪਿਆਰੇ ਹੋ ਗਏ ਅਤੇ ਕਈ ਮਾਵਾਂ ਆਪਣੇ ਪੁੱਤਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਖਵਾਹਿਸ਼ ਆਪਣੇ ਜਿਉਂਦੇ ਜੀਅ ਪੂਰੀ ਨਹੀਂ ਕਰ ਸਕੀਆਂ। ਆਖਰ 2018 ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਅਤੇ **ਸੀ.ਬੀ.ਆਈ. ਅਦਾਲਤਾਂ ਵਿਚ ਇਨ੍ਹਾਂ ਕੇਸਾਂ ਦੀ ਸੁਣਵਾਈ ਸ਼ੁਰੂ ਹੋਈ। ਸੀ.ਬੀ.ਆਈ. ਵਲੋਂ 70 ਦੇ ਕਰੀਬ ਵਿਅਕਤੀਆਂ ਦੇ ਲਾਪਤਾ ਕਰਕੇ ਤਸ਼ੱਦਦ ਕਰਨ ਅਤੇ ਗਾਇਬ ਕਰਨ ਦੇ ਮਾਮਲਿਆਂ ਦੀ ਜਾਂਚ ਕੀਤੀ ਗਈ ਅਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਭਾਵੇਂ ਕਿ ਪੁਲਿਸ ਅਧਿਕਾਰੀਆਂ ਨੇ ਲਾਪਤਾ ਕੀਤੇ ਗਏ ਵਿਅਕਤੀਆਂ ਸੰਬੰਧੀ ਆਪਣੀ ਸ਼ਮੂਲੀਅਤ ਨੂੰ ਅਦਾਲਤਾਂ ਵਿਚ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਉਹ ਵਿਅਕਤੀ ਕਿਧਰ ਗਏ, ਇਸ ਦਾ ਜਵਾਬ ਨਾ ਤਾਂ ਪੁਲਿਸ ਅਤੇ ਨਾ ਹੀ ਸਰਕਾਰਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੇ ਸਕੀਆਂ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਪਤਾ ਹੋਏ ਵਿਅਕਤੀਆਂ ਦੇ ਮੌਤ ਦੇ ਸਰਟੀਫਿਕੇਟ ਵੀ ਮਿਲਣੇ ਨਸੀਬ ਨਹੀਂ ਹੋਏ। ਜੇਕਰ ਤਰਨ ਤਾਰਨ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ **ਸੀ.ਬੀ.ਆਈ. ਵਲੋਂ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਲੋਕਾਂ ਨੂੰ ਲਾਪਤਾ ਕਰਨ, ਅਗਵਾ ਕਰਨ ਅਤੇ ਮਾਰਨ ਦੇ ਜੋ ਕੇਸ ਦਰਜ ਕੀਤੇ ਗਏ, ਉਨ੍ਹਾਂ ਵਿਚ ਪ੍ਰਮੁੱਖ ਨਾਂਅ ਉਸ ਸਮੇਂ ਦੇ ਚਰਚਿਤ ਐਸ.ਐਸ.ਪੀ. ਅਜੀਤ ਸਿੰਘ ਸੰਧੂ ਦਾ ਪਹਿਲੀ ਕਤਾਰ ਵਿਚ ਆਉਂਦਾ ਹੈ। **ਸੀ.ਬੀ.ਆਈ. ਵਲੋਂ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ, ਉਨ੍ਹਾਂ ਦੇ ਤਿੰਨ ਭਰਾ, ਸਾਲਾ, ਸਾਲੇ ਦੇ ਲੜਕੇ ਨੂੰ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਤੋਂ ਇਲਾਵਾ ਪਿੰਡ ਜੀਓਬਾਲਾ ਦੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਲਾਪਤਾ ਕਰਨ, ਪਿੰਡ ਰਾਣੀਵਲਾਹ ਦੇ ਪੰਜ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਵਿਚ ਮਾਰਨ ਸਮੇਤ ਅਨੇਕਾਂ ਕੇਸਾਂ ਵਿਚ ਉਕਤ ਅਧਿਕਾਰੀ ਦੀ ਭੂਮਿਕਾ ਨੂੰ ਸਾਹਮਣੇ ਲਿਆਂਦਾ ਗਿਆ ਸੀ।ਜਦਕਿ ਖਾੜਕੂਵਾਦ ਦਾ ਅਖ਼ੀਰਲਾ ਲਾਪਤਾ ਕਰਨ ਦਾ ਕੇਸ ਵੀ ਤਰਨ ਤਾਰਨ ਪੁਲਿਸ ਦੇ ਖ਼ਾਤੇ ਵਿਚ ਗਿਆ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਸੀ। ਇਸ ਮਾਮਲੇ ਵਿਚ ਵੀ ਸਾਬਕਾ ਐਸ.ਐਸ.ਪੀ. ਅਜੀਤ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿਚ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਐਸ.ਐਸ.ਪੀ. ਅਜੀਤ ਸਿੰਘ ਸੰਧੂ ਨੇ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਕੁਲਜੀਤ ਸਿੰਘ ਢੱਟ ਵਾਸੀ ਹੁਸ਼ਿਆਰਪੁਰ, ਐਡਵੋਕੇਟ ਸਲਵੰਤ ਸਿੰਘ ਰੋਪੜ ਦੇ ਲਾਪਤਾ ਕਰਕੇ ਤਸ਼ੱਦਦ ਕਰਨ ਦੇ ਮਾਮਲੇ ਵਿਚ ਵੀ ਉਕਤ ਅਧਿਕਾਰੀ ਦਾ ਨਾਂਅ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਡੀ.ਐਸ.ਪੀ. ਗੁਰਮੀਤ ਸਿੰਘ ਰੰਧਾਵਾ, ਡੀ.ਐਸ.ਪੀ. ਕਸ਼ਮੀਰ ਸਿੰਘ ਗਿੱਲ, ਡੀ.ਐਸ.ਪੀ. ਅਸ਼ੋਕ ਕੁਮਾਰ, ਡੀ.ਐਸ.ਪੀ. ਦਿਲਬਾਗ ਸਿੰਘ, ਡੀ.ਐਸ.ਪੀ. ਭੁਪਿੰਦਰ ਸਿੰਘ ਵਿਰਕ ਦੇ ਨਾਂਅ ਵੀ ਵੱਖ-ਵੱਖ ਪਿੰਡਾਂ ਵਿਚੋਂ ਲੋਕਾਂ ਨੂੰ ਅਗਵਾ ਕਰਕੇ ਤਸ਼ੱਦਦ ਕਰਨ ਅਤੇ ਲਾਪਤਾ ਕਰਨ ਦੇ ਮਾਮਲਿਆਂ ਵਿਚ **ਸੀ.ਬੀ.ਆਈ. ਵਲੋਂ ਸ਼ਮੂਲੀਅਤ ਪਾਈ ਗਈ ਸੀ। ਐਸ.ਐਚ.ਓ. ਸੂਬਾ ਸਿੰਘ, ਜੋ ਆਪਣੇ ਆਪ ਨੂੰ ਸੂਬਾ ਸਰਹੰਦ ਅਖਵਾਉਂਦਾ ਸੀ ਤੋਂ ਇਲਾਵਾ ਗੁਰਬਚਨ ਸਿੰਘ ਮਾਣੋਚਾਲ੍ਹ ਨੇ ਵੀ ਉਮਰ ਕੈਦ ਦੀਆਂ ਸਜ਼ਾਵਾਂ ਲੈਣ ਤੋਂ ਬਾਅਦ ਜੇਲ੍ਹ ਵਿਚ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਇਨ੍ਹਾਂ ਦੋਵਾਂ ਪੁਲਿਸ ਅਧਿਕਾਰੀਆਂ ਦੀ ਸ਼ਿਵ ਸੈਨਾ ਆਗੂ ਦੀ ਹੱਤਿਆ ਕਰਨ ਵਾਲੇ ਸੰਦੀਪ ਸਿੰਘ ਸੰਨੀ ਵਲੋਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਸੂਬਾ ਸਿੰਘ ਦੀ ਜ਼ਿਆਦਾ ਸੱਟਾਂ ਲੱਗਣ ਕਾਰਨ ਬਾਅਦ ਵਿਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਤਰਨ ਤਾਰਨ ਦੇ ਹੀ ਚਰਚਿਤ ਐਸ.ਐਚ.ਓ. ਸੀਤਾ ਰਾਮ ਦਾ ਵੀ ਨਾਂਅ ਕਿਸੇ ਕੋਲੋਂ ਛੁਪਿਆ ਨਹੀਂ ਹੈ, ਜਿਸ ਵਲੋਂ ਇਕ ਪੁਲਿਸ ਮੁਕਾਬਲੇ ਤੋਂ ਬਾਅਦ ਪੋਸਟਮਾਰਟਮ ਲਈ ਲਿਆਂਦੇ ਗਏ ਨੌਜਵਾਨ ਦੇ ਜਿੰਦਾ ਨਿਕਲਣ ’ਤੇ ਉਸ ਨੂੰ ਫਿਰ ਸਰਕਾਰੀ ਹਸਪਤਾਲ ਦੇ ਪਿਛਲੇ ਪਾਸੇ ਲਿਜਾ ਕੇ ਗੋਲੀਆਂ ਮਾਰ ਕੇ ਮਾਰਨ ਤੋਂ ਬਾਅਦ ਪੋਸਟਮਾਰਟਮ ਵਿਭਾਗ ਵਿਚ ਲਿਆਂਦਾ ਗਿਆ ਸੀ।ਇਸ ਅਧਿਕਾਰੀ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ ਅਤੇ ਜੇਲ੍ਹ ਵਿਚ ਇਸ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਾਣੋਚਾਲ੍ਹ ਵਾਸੀ ਸ਼੍ਰੋਮਣੀ ਕਮੇਟੀ ਮੈਂਬਰ ਮੁਲਾਜ਼ਮ ਰੂੜ ਸਿੰਘ ਦੇ ਮਾਮਲੇ ਵਿਚ ਏ.ਆਈ.ਜੀ. ਰਾਜ ਕੁਮਾਰ, ਸਬ ਇੰਸ. ਬਿਕਰਮਜੀਤ ਸਿੰਘ ਨੂੰ ਵੀ **ਸੀ.ਬੀ.ਆਈ. ਕੇਸਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ ਕੇਸ ਵਿਚ ਐਸ.ਐਸ.ਪੀ. ਅਜੀਤ ਸਿੰਘ ਸੰਧੂ, ਐਸ.ਐਚ.ਓ ਸੁਰਿੰਦਰਪਾਲ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ ਨੂੰ ਵੀ ਸਜ਼ਾਵਾਂ ਮਿਲੀਆਂ। ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਮਾਤਾ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਵਿਚ ਵੀ ਉਸ ਸਮੇਂ ਦੇ ਐਸ.ਐਚ.ਓ. ਅਤੇ ਏ.ਆਈ.ਜੀ. ਸੇਵਾ ਮੁਕਤ ਹੋਏ ਜਗਦੀਪ ਸਿੰਘ ਇਸ ਸਮੇਂ ਸੀ.ਬੀ.ਆਈ. ਦੇ ਭਗੌੜੇ ਹਨ।
ਅਗਵਾ ਕਰ ਕੇ ਤਸ਼ੱਦਦ ਕਰਨ ਅਤੇ ਲਾਪਤਾ ਕਰਨ ਦੇ ਕੁੱਲ ਮਾਮਲਿਆਂ ’ਚੋਂ 80 ਫ਼ੀਸਦੀ ਤਰਨ ਤਾਰਨ ਨਾਲ ਸੰਬੰਧਿਤ
ਅਜੀਤ ਡੈਸਕ
14-07-2026