ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 13 ਜੁਲਾਈ (ਸੱਗੂ, ਧਾਲੀਵਾਲ, ਭੁੱਲਰ ) - ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਬਰਾਬਰ ਦਾ ਮਾਣ-ਸਤਿਕਾਰ ਅਤੇ ਬਣਦੀ ਨੁਮਾਇੰਦਗੀ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਧੋਬੀ ਸਮਾਜ ਵੱਲੋਂ ਇਸ ਸਮਾਜ ਵਿਚਲੇ ਵੱਖ ਵੱਖ ਉਪ ਵਰਗਾਂ ਲਈ ਨੁਮਾਇੰਦਗੀ ਸਬੰਧੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਸ ਮਾਮਲੇ ਨੂੰ ਉਹ ਨਿੱਜੀ ਤੌਰ ‘ਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਜਲਦ ਢੁੱਕਵਾਂ ਹੱਲ ਕਰਵਾਉਣਗੇ। ਸਥਾਨਕ ਵ੍ਹਾਈਟ ਰੋਜ਼ ਹਾਲ ਵਿਖੇ ਧੋਬੀ ਮਹਾਂਸਭਾ ਵੱਲੋਂ ਕਰਵਾਏ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਵਰਗ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਬਣੀ ਹੈ। ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਮਾਜ ਦੇ ਹਰੇਕ ਵਰਗ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਭਾਗੀਦਾਰ ਬਣਾਇਆ ਜਾਵੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਮਾਜਿਕ ਸਦਭਾਵਨਾ ਅਤੇ ਆਪਸੀ ਭਾਈਚਾਰਾ ਹੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਮੌਕੇ ਸੰਪੂਰਨ ਪੰਜਾਬ ਧੋਬੀ ਸਮਾਜ ਸੇਵਾ ਸੰਮਤੀ ਪੰਜਾਬ ਪ੍ਰਦੇਸ਼ ਦੇ ਪ੍ਰੀਤਮ ਕੁਮਾਰ ਅਖਰਿਆ, ਚੇਅਰਮੈਨ ਜਗਦੀਸ਼ ਰਜੋਰੀਆ ਪਟਿਆਲਾ, ਸੁਨਾਮ ਦੇ ਪ੍ਰਧਾਨ ਮਨੋਹਰ ਲਾਲ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜਨੇਜਾ, ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ, ਮਾਹੀ ਮਹੰਤ, ਯਸ਼ਪਾਲ ਮੰਗਲਾ, ਰਾਜਨ ਸਿੰਗਲਾ ਅਤੇ ਹੋਰ ਆਗੂ ਹਾਜ਼ਰ ਸਨ।