ਐਸ.ਆਈ.ਆਰ. ਮੁਹਿੰਮ ਕਾਰਨ ਚਿੰਤਤ ਹਨ ਗੱਡੀਆਂ ਵਾਲੇ ਲੌਹਾਰ
ਅਜੀਤ ਡੈਸਕ
14-07-2026
ਲੌਂਗੋਵਾਲ, 13 ਜੁਲਾਈ - ਭਾਰਤ ਦੇ ਪ੍ਰਸਿੱਧ ਰਵਾਇਤੀ ਲੌਹਾਰ ਭਾਈਚਾਰਿਆਂ ਵਿੱਚੋਂ ਇੱਕ ਗੱਡੀਆਂ ਵਾਲੇ ਲੌਹਾਰ ਅੱਜ ਕੱਲ੍ਹ ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਗਈ ਐਸ.ਆਈ.ਆਰ. ਮੁਹਿੰਮ ਕਾਰਨ ਬੇਹੱਦ ਚਿੰਤਤ ਹਨ। ਲੌਂਗੋਵਾਲ ਇਲਾਕੇ ਵਿਚ ਸੈਂਕੜੇ ਗੱਡੀਆਂ ਵਾਲੇ ਲੌਹਾਰਾਂ ਉਤੇ ਵੋਟ ਕੱਟੇ ਜਾਣ ਦੀ ਤਲਵਾਰ ਲਟਕ ਰਹੀ ਹੈ। ਇਸ ਭਾਈਚਾਰੇ ਨੇ ਐਸ.ਆਈ.ਆਰ. ਮੁਹਿੰਮ ਵਿਚ ਰਿਆਇਤ ਦੇਣ ਦੀ ਮੰਗ ਕਰਦਿਆਂ ਵੋਟਾਂ ਨੂੰ ਬਰਕਰਾਰ ਰੱਖੇ ਜਾਣ ਦੀ ਮੰਗ ਕੀਤੀ ਹੈ। ਗੱਡੀ ਲੋਹਾਰਾਂ ਦੇ ਹੱਕਾਂ ਲਈ ਪਿਛਲੇ ਲੰਮੇ ਸਮੇਂ ਤੋਂ ਜੱਦੋ ਜ਼ਹਿਦ ਕਰ ਰਹੇ ਸਮਾਜ ਸੇਵਕ ਨੰਬਰਦਾਰ ਪ੍ਰੀਤਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਭਾਈਚਾਰੇ ਦਾ ਸੰਬੰਧ ਮਹਾਰਾਣਾ ਪ੍ਰਤਾਪ ਅਤੇ ਚਿਤੌੜਗੜ੍ਹ ਨਾਲ ਰਿਹਾ ਹੈ ਅਤੇ ਇਹ ਸਦੀਆਂ ਤੋਂ ਭਾਰਤ ਦੇ ਮੂਲ ਨਿਵਾਸੀ ਹਨ। 1568 ਵਿਚ ਅਕਬਰ ਵੱਲੋਂ ਚਿਤੌੜਗੜ੍ਹ ਜਿੱਤਣ ਤੋਂ ਬਾਅਦ ਕੁਝ ਲੌਹਾਰ ਪਰਿਵਾਰਾਂ ਨੇ ਇਹ ਸਹੁੰ ਚੁੱਕੀ ਕਿ ਜਦ ਤੱਕ ਮੇਵਾਤ ਦੁਬਾਰਾ ਪੂਰੀ ਸ਼ਾਨ ਨਾਲ ਆਜ਼ਾਦ ਨਹੀਂ ਹੁੰਦਾ, ਉਹ ਪੱਕੇ ਘਰਾਂ ਵਿਚ ਨਹੀਂ ਰਹਿਣਗੇ। ਇਸ ਕਾਰਨ ਉਹ ਬਲਦ-ਗੱਡੀਆਂ ਵਿਚ ਆਪਣਾ ਘਰ ਬਣਾ ਕੇ ਘੁੰਮਣ ਲੱਗ ਪਏ। ਇਸੇ ਤੋਂ ਗੱਡੀਆਂ ਵਾਲੇ ਲੁਹਾਰ ਨਾਮ ਪ੍ਰਚਲਿਤ ਹੋਇਆ। ਪਹਿਲਾਂ ਇਹ ਰਵਾਇਤੀ ਤੌਰ ‘ਤੇ ਲੋਹੇ ਦੇ ਹਥਿਆਰ, ਖੇਤੀਬਾੜੀ ਦੇ ਸੰਦ ਅਤੇ ਘਰੇਲੂ ਔਜ਼ਾਰ ਬਣਾਉਂਦੇ ਸਨ। ਸਮੇਂ ਦੇ ਨਾਲ ਗੱਡੀਆ ਲੁਹਾਰ ਰਾਜਸਥਾਨ ਤੋਂ ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਪਹੁੰਚੇ। ਲਗਭਗ ਦੋ ਦਹਾਕਿਆਂ ਤੋਂ ਧੰਦੇ ਦੇ ਬੰਦ ਹੋਣ ਕਾਰਨ ਇਨ੍ਹਾਂ ਨੇ ਸਥਾਨਕ ਪੱਧਰ ‘ਤੇ ਕੰਮਾਂ ਕਾਰਾਂ ਨੂੰ ਅਪਣਾ ਲਿਆ ਅਤੇ ਸਮੇਂ ਅਨੁਸਾਰ ਵੋਟ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਬਣਵਾ ਰੱਖੇ ਹਨ। ਪ੍ਰੰਤੂ ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਗਈ ਐਸ. ਆਈ. ਆਰ. ਮੁਹਿੰਮ ਵਿਚ 2003 ਦੀ ਵੋਟਰ ਸੂਚੀ ਵਿਚ ਨਾਂਅ ਦਰਜ ਹੋਣ ਦੀ ਸ਼ਰਤ ਨੇ ਸਮੁੱਚੇ ਭਾਈਚਾਰੇ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਵੋਟਾਂ ਹਰ ਹੀਲੇ ਬਰਕਰਾਰ ਰੱਖੀਆਂ ਜਾਣ। ਇਸ ਮੌਕੇ ਰਿਸਾਲ ਸਿੰਘ, ਕਮਲ, ਸੀਮਾ ਕੌਰ, ਹਰਮੇਸ਼ ਕੌਰ, ਸੀਮਾ ਕੌਰ, ਗੋਰਾ ਸਿੰਘ, ਦਰਸ਼ਨ ਸਿੰਘ, ਕਮਲ ਦੇਵੀ, ਸੁਖੀ ਸਿੰਘ, ਅੰਗਰੇਜ ਕੌਰ, ਜੋਰਾ ਸਿੰਘ, ਸਿਕਨਾ ਕੌਰ, ਬੇਅੰਤ ਸਿੰਘ, ਘੁੱਗੀ, ਸੀਮਾ ਕੌਰ, ਰਾਣੀ, ਵਿੱਕੀ, ਸੁਨੀਤਾ ਕੌਰ, ਹੰਸ ਰਾਜ ਦਾਸ, ਲਾਡੀ, ਸਪਨਾ, ਭੂਰੋ ਸ਼ੇਰੋਂ, ਸੀਸ਼ੂ ਸ਼ੇਰੋਂ, ਫਕੀਰ ਦਾਸ, ਪਾਲੋ, ਹਾਕਮ ਦਾਸ,ਕਿਰਨਾ ਕੌਰ, ਜੋਰਾ ਸਿੰਘ, ਕੈਲੋ, ਸ਼ੀਲਾ, ਘੁੱਗੀ, ਬੇਅੰਤ ਸਿੰਘ ਅਤੇ ਹੋਰ ਵੋਟਰ ਹਾਜ਼ਰ ਸਨ।