ਚੰਡੀਗੜ੍ਹ, 13 ਜੁਲਾਈ (ਅਜੀਤ ਬਿਊਰੋ)-ਹਰੇਕ ਬੱਚੇ ਨੂੰ ਜੀਵਨ ਦੀ ਸਭ ਤੋਂ ਵਧੀਆ ਸੰਭਵ ਸ਼ੁਰੂਆਤ ਦੇਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਮਿਸ਼ਨ ਆਰੰਭ’ ਡਿਜੀਟਲ ਪਲੇਟਫਾਰਮਾਂ ਰਾਹੀਂ ਮਾਪਿਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਮੁਢਲੀ ਬਾਲ ਅਵਸਥਾ ਦੀ ਸਿੱਖਿਆ ਵਿਚ ਵੱਡੀ ਤਬਦੀਲੀ ਲਿਆ ਰਿਹਾ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ’ਪ੍ਰਥਮ’ ਅਤੇ ’ਰੌਕੇਟ ਲਰਨਿੰਗ’ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ’ਮਿਸ਼ਨ ਆਰੰਭ’ ਪੰਜਾਬ ਭਰ ਵਿੱਚ ਵਟਸਐਪ-ਆਧਾਰਿਤ ‘ਘਰ ਬੈਠੇ ਸਿੱਖਣ’ ਦੇ ਪ੍ਰੋਗਰਾਮ ਰਾਹੀਂ 1.6 ਲੱਖ ਤੋਂ ਵੱਧ ਮਾਪਿਆਂ ਤੱਕ ਪਹੁੰਚ ਚੁੱਕਾ ਹੈ। ਪਰਿਵਾਰਾਂ ਨੂੰ ਸਿੱਧੇ ਤੌਰ ’ਤੇ ਸਰਲ ਅਤੇ ਉਮਰ ਦੇ ਅਨੁਕੂਲ ਸਿੱਖਣ ਦੀਆਂ ਗਤੀਵਿਧੀਆਂ ਪ੍ਰਦਾਨ ਕਰਕੇ ਇਹ ਪਹਿਲਕਦਮੀ ਮਾਪਿਆਂ ਨੂੰ ਘਰ ਵਿਚ ਹੀ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਵਿੱਚ ਸਰਗਰਮੀ ਨਾਲ ਸਹਿਯੋਗ ਕਰਨ ਦੇ ਯੋਗ ਬਣਾ ਰਹੀ ਹੈ।