ਐੱਸ. ਏ. ਐੱਸ. ਨਗਰ, 13 ਜੁਲਾਈ (ਕਪਿਲ ਵਧਵਾ)-ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਕੌਮੀ ਝੰਡੇ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਮੁਹਾਲੀ ਨੇ ਸੋਮਵਾਰ ਨੂੰ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਦੋ ਮੁਲਜ਼ਮਾਂ ਆਕਾਸ਼ਦੀਪ ਸਿੰਘ ਉਰਫ਼ ਮੁੰਨਾ ਅਤੇ ਜਗਵਿੰਦਰ ਸਿੰਘ ਉਰਫ਼ ਜੱਗਾ ਦੇ ਦੋਸ਼ ਕਬੂਲਣ ’ਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ। ਹਾਲਾਂਕਿ ਅਦਾਲਤ ਨੇ ਇਹ ਵੀ ਪਾਇਆ ਕਿ ਦੋਵੇਂ ਦੋਸ਼ੀ ਆਪਣੀ ਸਜ਼ਾ ਦੀ ਮਿਆਦ ਪਹਿਲਾਂ ਹੀ ਜੇਲ੍ਹ ਵਿਚ ਪੂਰੀ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ। ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ 14 ਅਗਸਤ 2020 ਨੂੰ ਮੋਗਾ ਦੇ ਡੀ. ਸੀ. ਦਫ਼ਤਰ ਕੰਪਲੈਕਸ ’ਚ ਦੋ ਮੁੱਖ ਮੁਲਜ਼ਮਾਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ ਅਤੇ ਭਾਰਤੀ ਤਿਰੰਗੇ ਦੀ ਰੱਸੀ ਕੱਟ ਕੇ ਉਸ ਨੂੰ ਹੇਠਾਂ ਸੁੱਟਣ ਤੋਂ ਬਾਅਦ ਉਸ ਦੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਐਨ. ਆਈ. ਏ. ਨੂੰ ਜਾਂਚ ਸੌਂਪੀ ਗਈ ਸੀ। ਇਸ ਮਾਮਲੇ ਵਿਚ ਗੁਰਪਤਵੰਤ ਸਿੰਘ ਪੰਨੂ ਅਤੇ ਰਾਣਾ ਸਿੰਘ ਹਾਲੇ ਵੀ ਭਗੌੜੇ ਕਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਜਾਂ ਪੇਸ਼ੀ ਤੋਂ ਬਾਅਦ ਕੇਸ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਜਾਵੇਗੀ।