ਤਲਵੰਡੀ ਸਾਬੋ, 14 ਜੁਲਾਈ (ਰਣਜੀਤ ਸਿੰਘ ਰਾਜੂ)-ਲੰਘੀ ਰਾਤ ਤਲਵੰਡੀ ਸਾਬੋ ਸ਼ਹਿਰ ਦੇ ਵਾਰਡ ਨੰਬਰ 8 ਦੇ ਚੱਠਾ ਮਹੱਲੇ ’ਚ ਗ਼ਰੀਬ ਪਰਿਵਾਰ ਦੇ ਘਰ ਦੇ ਇਕ ਕਮਰੇ ਦੀ ਖ਼ਸਤਾ ਹਾਲ ਛੱਤ ਦੇ ਅਚਾਨਕ ਡਿੱਗ ਜਾਣ ਨਾਲ ਕਮਰੇ ’ਚ ਸੌਂ ਰਹੇ ਮਾਂ-ਪੁੱਤ ਦੀ ਮੌਤ ਹੋ ਜਾਣ ਅਤੇ ਦੋ ਲੜਕੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਤਲਵੰਡੀ ਸਾਬੋ ਦੇ ਸੀਵਰੇਜ ਪਲਾਂਟ ’ਚ ਆਊਟਸੋਰਸ ਮੁਲਾਜ਼ਮ ਵਜੋਂ ਨਿਗੂਣੀ ਤਨਖਾਹ ’ਤੇ ਕੰਮ ਕਰਦੇ ਧਰਮ ਸਿੰਘ ਉਰਫ਼ ਕਾਲਾ ਦੇ ਘਰ ਦੇ ਇਕ ਅਤਿ ਖ਼ਸਤਾ ਹਾਲ ਕਮਰੇ ’ਚ ਉਸ ਦੀ ਪਤਨੀ ਆਪਣੇ ਬੇਟੇ ਅਤੇ ਦੋ ਬੇਟੀਆਂ ਨਾਲ ਸੁੱਤੀ ਹੋਈ ਸੀ ਕਿ ਰਾਤ ਕਰੀਬ 11 ਵਜੇ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਮਲਬੇ ਹੇਠਾਂ ਦੱਬੇ ਜਾਣ ਕਰਕੇ ਵੀਰਪਾਲ ਕੌਰ (37) ਅਤੇ ਉਸ ਦੇ ਇਕਲੌਤੇ ਪੁੱਤਰ ਅਰਸ਼ਦੀਪ ਸਿੰਘ (14) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਲੋਕਾਂ ਵਲੋਂ ਘਰ ਦੀਆਂ ਦੋ ਲੜਕੀਆਂ ਸਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੂੰ ਜ਼ਖ਼ਮੀ ਹਾਲਤ ’ਚ ਮਲਬੇ ’ਚੋਂ ਕੱਢ ਲਿਆ ਗਿਆ, ਜੋ ਏਮਜ਼ ਹਸਪਤਾਲ ਬਠਿੰਡਾ ’ਚ ਜ਼ੇਰੇ ਇਲਾਜ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਹਾਦਸੇ ’ਚ ਜ਼ਖ਼ਮੀ ਲੜਕੀ ਸਨਮਪ੍ਰੀਤ ਕੌਰ ਪੜਾਈ ’ਚ ਐਨੀ ਹੁਸ਼ਿਆਰ ਹੈ ਕਿ ਪਿਛਲੇ 9 ਵਰ੍ਹਿਆਂ ਤੋਂ ਹਰ ਸ਼੍ਰੇਣੀ ’ਚੋਂ ਅੱਵਲ ਆਉਂਦੀ ਰਹੀ ਹੈ ਤੇ ਪਿਛਲੇ ਸਮੇਂ ’ਚ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਚੋਂ ਉਸ ਨੇ 95 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਘਟਨਾ ’ਤੇ ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਂ ਦੇ ਪੁੱਤਰ ਤੇ ਸੀਨੀਅਰ ‘ਆਪ’ ਆਗੂ ਹਰਜੀਤ ਸਰਾਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਦੀ ਹਰ ਤਰ੍ਹਾਂ ਦੀ ਮੱਦਦ ਵਾਸਤੇ ਸਰਕਾਰ ਤੱਕ ਪਹੁੰਚ ਕਰਾਂਗੇ।
ਕਮਰੇ ਦੀ ਛੱਤ ਡਿਗਣ ਨਾਲ ਮਾਂ-ਪੁੱਤ ਦੀ ਮੌਤ
ਅਜੀਤ ਡੈਸਕ
15-07-2026