ਸੁਪਨਾ ਸਾਕਾਰ ਹੋਣ ਵਾਂਗ ਹੈ ਫਿਲਮ-ਦਰਸ਼ਕਾਂ ਦਾ ਮਿਲ ਰਿਹੈ ਭਰਪੂਰ ਪਿਆਰ
ਪੇਸ਼ਕਸ਼ : ਜਸਪਾਲ ਸਿੰਘ
ਜਲੰਧਰ, 14 ਜੁਲਾਈ-‘ਮੈਂ ਵਾਪਸ ਆਊਂਗਾ’ ਇਕ ਫਿਲਮ ਹੀ ਨਹੀਂ ਹੈ, ਸਗੋਂ ਇਹ ਵੰਡ ਦਾ ਸੰਤਾਪ ਹੰਢਾਉਣ ਵਾਲੇ ਉਨ੍ਹਾਂ ਕਰੋੜਾਂ ਲੋਕਾਂ ਦੇ ਦੁੱਖ-ਦਰਦ ਦੀ ਇਕ ਅਜਿਹੀ ਭਾਵਨਾਤਮਕ ਤੇ ਦਰਦਭਰੀ ਦਾਸਤਾਨ ਹੈ, ਜਿਸ ਦੇ ਜ਼ਖਮ ਅੱਜ ਵੀ ਅੱਲ੍ਹੇ ਹਨ ਅਤੇ ਵੰਡ ਵੇਲੇ ਦੀਆਂ ਦਿਲ ਕੰਬਾਊ ਤੇ ਡਰਾਉਣੀਆਂ ਯਾਦਾਂ ਨੂੰ ਤਾਜ਼ਾ ਕਰਕੇ ਅੱਜ ਵੀ ਬਜ਼ੁਰਗ ਤ੍ਰਬਕ ਹੀ ਨਹੀਂ ਜਾਂਦੇ, ਸਗੋਂ ਉਨ੍ਹਾਂ ਦੇ ਰੌਂਗਟੇ ਵੀ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਾਲ ਹੀ ਰਿਲੀਜ਼ ਹੋਈ ਹਿੰਦੀ ਫਿਲਮ ‘ਮੈਂ ਵਾਪਸ ਆਊਂਗਾ’ ਦੇ ਡਾਇਰੈਕਟਰ ਤੇ ਲੇਖਕ ਇਮਤਿਆਜ਼ ਅਲੀ ਨੇ ‘ਅਜੀਤ’ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਉਨ੍ਹਾਂ ਦੀ ਇਕ ਭਾਵੁਕ ਸਾਂਝਾ ਹੈ ਅਤੇ ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤੇ ਉਹ ਬਜ਼ੁਰਗਾਂ ਕੋਲੋਂ ਵੰਡ ਵੇਲੇ ਹੋਏ ਖੂਨ-ਖਰਾਬੇ ਤੇ ਆਪਣਿਆਂ ਦੇ ਵਿਛੋੜੇ ਦੇ ਦਰਦ ਦੀਆਂ ਕਹਾਣੀਆਂ ਜ਼ਰੂਰ ਸੁਣਦੇ ਸਨ । ਇਸ ਦੌਰਾਨ ਉਸ ਦੀ ਇੱਛਾ ਜਾਗੀ ਕਿ ਅਜਿਹੀ ਕੋਈ ਫਿਲਮ ਬਣਾਈ ਜਾਵੇ, ਜਿਸ ਵਿਚ ਉਹ ਬਜ਼ੁਰਗਾਂ ਦੀਆਂ ਯਾਦਾਂ ਤੇ ਜਜ਼ਬਾਤ ਨੂੰ ਸੰਭਾਲ ਕੇ ਹੀ ਨਾ ਰੱਖਣ, ਸਗੋਂ ਕਰੋੜਾਂ ਲੋਕਾਂ ਦੇ ਸਾਹਮਣੇ ਵੀ ਪੇਸ਼ ਕਰਨ ਅਤੇ ਅੱਜ ਉਨ੍ਹਾਂ ਦਾ ਇਹ ਸੁਪਨਾ ਦਰਸ਼ਕਾਂ ਦੇ ਭਰਪੂਰ ਪਿਆਰ ਤੇ ਸਤਿਕਾਰ ਨਾਲ ਸਾਕਾਰ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇਖਣ ਤੋਂ ਬਾਅਦ ਲੋਕ ਇਸ ਕਦਰ ਭਾਵੁਕ ਨਜ਼ਰ ਆਉਂਦੇ ਹਨ, ਜਿਵੇਂ ਇਹ ਸਭ ਕੁਝ ਉਨ੍ਹਾਂ ਨਾਲ ਵਾਪਰਿਆ ਹੋਵੇ ਤੇ ਉਹ ਆਪਣੀਆਂ ਭਾਵਨਾਵਾਂ ’ਤੇ ਵੀ ਕਾਬੂ ਨਹੀਂ ਰੱਖ ਪਾਉਂਦੇ। ਉਨ੍ਹਾਂ ਕਿਹਾ ਕਿ ਅਜਿਹਾ ਅਕਸਰ ਥੀਏਟਰ ’ਚ ਹੀ ਸੰਭਵ ਹੁੰਦਾ ਸੀ ਕਿ ਡਾਇਰੈਕਟਰ ਲੋਕਾਂ ਦੀਆਂ ਭਾਵਨਾਵਾਂ ਮੌਕੇ ’ਤੇ ਹੀ ਪਤਾ ਲਗਾ ਲੈਂਦੇ ਸਨ ਪਰ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਉਨ੍ਹਾਂ ਨੂੰ ਸਿਨੇਮਾਘਰਾਂ ’ਚ ਦਰਸ਼ਕਾਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਜਜ਼ਬਾਤ ਜਾਨਣ ਦਾ ਮੌਕਾ ਮਿਲਿਆ ਹੈ ਅਤੇ ਇਹ ਉਨ੍ਹਾਂ ਲਈ ਬਹੁਤ ਹੀ ਸ਼ੰਤੁਸ਼ਟੀ ਦੀ ਗੱਲ ਹੈ ਕਿ ਦਰਸ਼ਕਾਂ ਵਲੋਂ ਜਿਸ ਸ਼ਿੱਦਤ ਤੇ ਭਾਵਨਾ ਨਾਲ ਫਿਲਮ ਨੂੰ ਦੇਖਿਆ ਤੇ ਉਸ ਨੂੰ ਸਰਾਹਿਆ ਜਾ ਰਿਹਾ ਹੈ, ਉਸ ਨਾਲ ਉਨ੍ਹਾਂ ਨੂੰ ਅਜਿਹੀਆਂ ਫਿਲਮਾਂ ਬਣਾਉਣ ਲਈ ਹੋਰ ਹੌਂਸਲਾ ਤੇ ਉਤਸ਼ਾਹ ਮਿਲਿਆ ਹੈ। ਫਿਲਮ ’ਚ ਦਿਲਜੀਤ ਦੁਸਾਂਝ ਨੂੰ ਲਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਫਿਲਮ ’ਚ ਜਿਸ ਨੌਜਵਾਨ ਦਾ ਕਿਰਦਾਰ ਦਿਲਜੀਤ ਦੁਸਾਂਝਾ ਵਲੋਂ ਨਿਭਾਇਆ ਗਿਆ ਹੈ, ਉਹ ਸ਼ਾਇਦ ਹੀ ਕੋਈ ਹੋਰ ਕਲਾਕਾਰ ਨਿਭਾਅ ਸਕਦਾ ਸੀ। ਫਿਲਮ ਦੀ ਕਹਾਣੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਆਪਣੇ ਪਿਆਰਿਅਆਂ ਦੇ ਦਰਦ ਤੇ ਵਿਛੋੜੇ ਦੀ ਅਜਿਹੀ ਦਾਸਤਾਨ ਹੈ, ਜੋ ਅਖੀਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਭਾਵੁਕ ਤੌਰ ’ਤੇ ਜੋੜੀ ਰੱਖਦੀ ਹੈ। ਇਸ ਮੌਕੇ ਇਮਤਿਆਜ਼ ਅਲੀ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਵੀ ਕਈ ਗੱਲਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਅਜੇ ਤੱਕ ਉਹ ਪਿਆਰ ਦੀ ਪਰਿਭਾਸ਼ਾ ਹੀ ਤੈਅ ਨਹੀਂ ਕਰ ਸਕੇ ਹਨ ਅਤੇ ਜੇਕਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ’ਚ ਕਿਸੇ ਨੂੰ ਵਾਪਸ ਲਿਆਉਣ ਦਾ ਮੌਕਾ ਮਿਲੇ ਤਾਂ ਉਹ ਆਪਣੇ ਬਚਪਨ ਦੇ ਦੋਸਤਾਂ ਨੂੰ ਵਾਪਸ ਲਿਆਉਣਾ ਚਾਹੁਣਗੇ ਤੇ ਉਸ ਬੀਤੇ ਹੋਏ ਸਮੇਂ ’ਚ ਗੁਆਚ ਜਾਣਾ ਪਸੰਦ ਕਰਨਗੇ।
‘ਮੈਂ ਵਾਪਸ ਆਊਂਗਾ’ ਵੰਡ ਦਾ ਸੰਤਾਪ ਹੰਢਾਉਣ ਵਾਲੇ ਕਰੋੜਾਂ ਲੋਕਾਂ ਦੇ ਜ਼ਜਬਾਤ ਦੀ ਦਰਦਭਰੀ ਤੇ ਭਾਵਨਾਤਮਕ ਦਾਸਤਾਨ ਹੈ-ਇਮਤਿਆਜ਼ ਅਲੀ
ਅਜੀਤ ਡੈਸਕ
15-07-2026