03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕੇਂਦਰ ਵਲੋਂ ਘਾਹ ਮਾਰਨ ਵਾਲੀ ਦਵਾਈ ਪੈਰਾਕੁਆਟ ’ਤੇ ਪਾਬੰਦੀ ਦੀ ਤਿਆਰੀ, ਖ਼ਤਰਨਾਕ ਜੰਗਲੀ ਨਾਸ਼ਕ ਦੀ ਦਰਾਮਦ, ਨਿਰਮਾਣ, ਵਿਕਰੀ ਤੇ ਵਰਤੋਂ ’ਤੇ ਲੱਗੇਗੀ ਰੋਕ

Ad Position 21
No active advertisement
ਅਜੀਤ ਡੈਸਕ 16-07-2026

ਮੂਣਕ, 15 ਜੁਲਾਈ (ਕੇਵਲ ਸਿੰਗਲਾ)-ਦੇਸ਼ ਭਰ ਦੇ ਕਿਸਾਨਾਂ ਵਲੋਂ ਖੇਤਾਂ ਵਿਚ ਉੱਗੇ ਘਾਹ-ਫੂਸ, ਖ਼ਾਸ ਕਰਕੇ ਖਾਲਾਂ, ਵੱਟਾਂ ਅਤੇ ਫ਼ਸਲਾਂ ਦਰਮਿਆਨ ਉੱਗੀ ਜੰਗਲੀ ਬੂਟੀ ਨੂੰ ਤੁਰੰਤ ਸਾੜਨ ਲਈ ਆਮ ਤੌਰ ’ਤੇ ਵਰਤੀ ਜਾਣ ਵਾਲੀ ਘਾਹ ਮਾਰਨ ਦੀ ਦਵਾਈ ਪੈਰਾਕੁਆਟ ਡਾਈਕਲੋਰਾਈਡ ‘ਤੇ ਕੇਂਦਰ ਸਰਕਾਰ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਹ ਦਵਾਈ ਆਪਣੀ ਤੇਜ਼ ਕਾਰਗੁਜ਼ਾਰੀ ਕਾਰਨ ਕਿਸਾਨਾਂ ਵਿਚ ਕਾਫ਼ੀ ਪ੍ਰਚਲਿਤ ਹੈ ਪਰ ਇਸ ਦੇ ਮਨੁੱਖੀ ਸਿਹਤ ਅਤੇ ਵਾਤਾਵਰਣ ‘ਤੇ ਪੈਣ ਵਾਲੇ ਗੰਭੀਰ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਸਰਕਾਰ ਨੇ ਇਸ ‘ਤੇ ਰੋਕ ਲਗਾਉਣ ਵੱਲ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਕੀਟਨਾਸ਼ਕ ਐਕਟ, 1968 ਦੀ ਧਾਰਾ 27 ਤਹਿਤ ਡਰਾਫਟ ਨੋਟੀਫਿਕੇਸ਼ਨ ਜਾਰੀ ਕਰਕੇ ਪੈਰਾਕੁਆਟ ਡਾਈਕਲੋਰਾਈਡ ਦੇ ਦਰਾਮਦ, ਨਿਰਮਾਣ, ਵਿਕਰੀ, ਆਵਾਜਾਈ, ਵੰਡ ਅਤੇ ਵਰਤੋਂ ‘ਤੇ ਪਾਬੰਦੀ ਦਾ ਪ੍ਰਸਤਾਵ ਰੱਖਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੈਰਾਕੁਆਟ ‘ਤੇ ਪ੍ਰਸਤਾਵਿਤ ਪਾਬੰਦੀ ਸਿਰਫ਼ ਇਕ ਰਸਾਇਣ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਸ ਨਾਲ ਹੋਰ ਅਜਿਹੇ ਕੀਟਨਾਸ਼ਕਾਂ ਦੀ ਵੀ ਸਮੀਖਿਆ ਹੋ ਸਕਦੀ ਹੈ, ਜਿਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿਚ ਕੈਂਸਰ, ਨਰਵਸ ਸਿਸਟਮ ਦੀਆਂ ਬਿਮਾਰੀਆਂ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਕਾਰਨ ਪਹਿਲਾਂ ਹੀ ਪਾਬੰਦੀ ਜਾਂ ਸਖ਼ਤ ਨਿਯੰਤਰਣ ਹੇਠ ਲਿਆਂਦਾ ਜਾ ਚੁੱਕਾ ਹੈ। ਪੈਰਾਕੁਆਟ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਹਰਬੀਸਾਈਡਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਡਾਕਟਰੀ ਮਾਹਿਰਾਂ ਅਨੁਸਾਰ ਇਸ ਦਾ ਕੋਈ ਪ੍ਰਭਾਵਸ਼ਾਲੀ ਐਂਟੀਡੋਟ ਉਪਲਬਧ ਨਹੀਂ ਹੈ ਅਤੇ ਇਸ ਦੀ ਥੋੜ੍ਹੀ ਜਿਹੀ ਮਾਤਰਾ ਵੀ ਮਨੁੱਖੀ ਸਰੀਰ ਵਿਚ ਦਾਖ਼ਲ ਹੋਣ ਨਾਲ ਜਾਨਲੇਵਾ ਸਾਬਤ ਹੋ ਸਕਦੀ ਹੈ। ਇਹ ਰਸਾਇਣ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਕੇ ਸਥਾਈ ਫਾਈਬ੍ਰੋਸਿਸ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਗੁਰਦਿਆਂ, ਜਿਗਰ, ਚਮੜੀ ਅਤੇ ਅੱਖਾਂ ‘ਤੇ ਵੀ ਇਸ ਦੇ ਗੰਭੀਰ ਮਾੜੇ ਪ੍ਰਭਾਵ ਪੈਂਦੇ ਹਨ। ਪੈਰਾਕੁਆਟ ਨਾਲ ਸਭ ਤੋਂ ਵੱਧ ਜੋਖਮ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਹੁੰਦਾ ਹੈ। ਛਿੜਕਾਅ ਦੌਰਾਨ ਇਸ ਦੀਆਂ ਬਰੀਕ ਬੂੰਦਾਂ ਸਾਹ ਰਾਹੀਂ ਸਰੀਰ ਵਿਚ ਜਾਣ, ਗਲਤੀ ਨਾਲ ਨਿਗਲਣ ਜਾਂ ਜ਼ਖ਼ਮੀ ਚਮੜੀ ਦੇ ਸੰਪਰਕ ਵਿਚ ਆਉਣ ਕਾਰਨ ਗੰਭੀਰ ਜ਼ਹਿਰੀਲਾ ਪ੍ਰਭਾਵ ਹੋ ਸਕਦਾ ਹੈ। ਪੈਰਾਕੁਆਟ ਦੇ ਖ਼ਤਰਨਾਕ ਪ੍ਰਭਾਵਾਂ ਨੂੰ ਦੇਖਦਿਆਂ ਦੁਨੀਆ ਦੇ 70 ਤੋਂ ਵੱਧ ਦੇਸ਼ ਇਸ ਦੀ ਵਰਤੋਂ ‘ਤੇ ਪਾਬੰਦੀ ਜਾਂ ਸਖ਼ਤ ਨਿਯੰਤਰਣ ਲਾਗੂ ਕਰ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਇਥੋਪੀਆ ’ਚ ਫਸੇ ਪੰਜਾਬ ਤੇ ਹਰਿਆਣਾ ਦੇ 4 ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਸੰਸਦ ਮੈਂਬਰ ਸੰਧੂ ਨੇ ਵਿਦੇਸ਼ ਮੰਤਰ... ਅਗਲੀ ਖ਼ਬਰ ਪੇਂਡੂ ਭਾਰਤ ਵਿਚ ਸਿਹਤ ਬੀਮੇ ਦਾ ਠੋਸ ਰਿਕਾਰਡ ਨਾ ਹੋਣ ਸੰਬੰਧੀ ਮਾਮਲੇ ਨੇ ਪ੍ਰਸ਼ਾਸਨਿਕ ਕਮੀਆਂ ਨੂੰ ਲਿਆਂਦਾ ਸਾਹਮਣੇ
Ad Position 24
No active advertisement