ਜਲੰਧਰ, 15 ਜੁਲਾਈ (ਅਜੀਤ ਬਿਊਰੋ)-ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਥੋਪੀਆ ਵਿਚ ਫਸੇ ਪੰਜਾਬ ਅਤੇ ਹਰਿਆਣਾ ਦੇ 4 ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਇਹ ਚਾਰੇ ਨੌਜਵਾਨ ਸੈਲਾਨੀ ਵੀਜ਼ੇ ‘ਤੇ ਇਥੋਪੀਆ ਗਏ ਸਨ ਪਰ ਹਵਾਈ ਅੱਡੇ ਤੋਂ ਅਗਵਾਕਾਰਾਂ ਦੇ ਚੁੰਗਲ ਵਿਚੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਵਿਚ ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਇਨ੍ਹਾਂ ਚਾਰ ਨੌਜਵਾਨਾਂ, ਜਿਨ੍ਹਾਂ ਵਿਚੋਂ ਦੋ ਪੰਜਾਬ ਅਤੇ ਦੋ ਹਰਿਆਣਾ ਨਾਲ ਸੰਬੰਧਿਤ ਹਨ, ਦੇ ਪਰਿਵਾਰ ਇਸ ਮੰਦਭਾਗੀ ਸਥਿਤੀ ਕਾਰਨ ਗੰਭੀਰ ਮਾਨਸਿਕ ਤਣਾਅ ਵਿਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸਲਾਮਤੀ ਅਤੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ।ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਫਗਵਾੜਾ (ਕਪੂਰਥਲਾ) ਦੇ ਵਸਨੀਕ ਗੌਰਵ, ਕਲਾਨੌਰ (ਗੁਰਦਾਸਪੁਰ) ਦੇ ਪਿੰਡ ਰਹੀਮਾਬਾਦ ਦੇ ਵਸਨੀਕ ਮਨਜੀਤ ਸਿੰਘ, ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਵਸਨੀਕ ਸੁਖਵਿੰਦਰ ਸਿੰਘ ਕਕਰਾਲਾ ਅਤੇ ਸੁਰਜੀਤ ਸਿੰਘ ਚੀਕਾ ਦੀ ਜਲਦ ਤੋਂ ਜਲਦ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਤੁਰੰਤ ਦਖ਼ਲ ਦਿੱਤਾ ਜਾਵੇ।
ਇਥੋਪੀਆ ’ਚ ਫਸੇ ਪੰਜਾਬ ਤੇ ਹਰਿਆਣਾ ਦੇ 4 ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਸੰਸਦ ਮੈਂਬਰ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ
ਅਜੀਤ ਡੈਸਕ
16-07-2026