ਪਟਿਆਲਾ, 15 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨ.ਸੀ.ਟੀ.ਈ.) ਵਲੋਂ ਪੂਰੇ ਦੇਸ਼ ਦੇ ਕਾਲਜਾਂ ਨੂੰ ਬਹੁ ਅਨੁਸ਼ਾਸਨੀ ਉੱਚ ਸਿੱਖਿਆ ਸੰਸਥਾ ਬਣਾਉਣ ਲਈ ਕਾਲਜਾਂ ਦੇ ਰਲੇਵਿਆਂ ਤੇ ਤਬਦੀਲੀ ਨੂੰ ਲੈ ਕੇ ਨਿਯਮਾਂ ਸੰਬੰਧੀ ਪੰਜਾਬੀ ਯੂਨੀਵਰਸਿਟੀ ਵਲੋਂ ਦਿੱਤੀ ਜਾ ਰਹੀ ਅਧੂਰੀ ਜਾਣਕਾਰੀ ਨੇ ਜਿਥੇ ਕਾਲਜ ਪ੍ਰਬੰਧਕਾਂ ਨੂੰ ਚੱਕਰਾਂ ’ਚ ਪਾ ਦਿੱਤਾ ਹੈ, ਉਥੇ ਇਸ ਨੀਤੀ ਦੀਆਂ ਸ਼ਰਤਾਂ ਨੂੰ ਲੈ ਕੇ ਕਈ ਕਾਲਜਾਂ ਨੂੰ ਆਪਣੀ ਹੋਂਦ ਬਚਾਉਣ ਦਾ ਖਤਰਾ ਵੀ ਮਹਿਸੂਸ ਹੋ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਦੇਸ਼ ’ਚ 2030 ਤੱਕ ਸਮੂਹ ‘ਸਿੰਗਲ ਸਟਰੀਮ ਇੰਸਟੀਚਿਊਸ਼ਨ’ ਨੂੰ ਸਮਾਪਤ ਕਰਕੇ ਬਹੁ ਅਨੁਸ਼ਾਸਨੀ ਸਿੱਖਿਆ ਸੰਸਥਾਵਾਂ ਸਥਾਪਿਤ ਕਰਨੀਆਂ ਹਨ। ਇਸੇ ਤਹਿਤ ਜੇ ਕੋਈ ਟੀਚਰ ਐਜੂਕੇਸ਼ਨ ਕਾਲਜ ਜਾਂ ਫਿਜੀਕਲ ਐਜੂਕੇਸ਼ਨ ਕਾਲਜ, ਡਿਗਰੀ ਕਾਲਜ ਨੂੰ ਦੂਜੇ ਕਿਸੇ ਨੇੜਲੇ ਕਾਲਜ ਵਿਚ ਰਲੇਵਾਂ ਕਰਨਾ ਪਵੇਗਾ ਜਾਂ ਫਿਰ ਕਾਲਜ ਨੂੰ ਆਪਣੀ ਸੰਸਥਾ ਵਿਚ ਹੋਰ ਅੰਡਰਗ੍ਰੈਜੂਏਟ ਡਿਗਰੀ ਪ੍ਰੋਗਰਾਮ ਸ਼ੁਰੂ ਕਰਨੇ ਪੈਣਗੇ। ਇਸੇ ਤਹਿਤ ਐਨ.ਸੀ.ਟੀ.ਈ. ਅਤੇ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਅਧੀਨ ਆਉਂਦੇ ਕਾਲਜਾਂ ਨੂੰ ਇਹ ਪੱਤਰ ਜਾਰੀ ਕੀਤੇ ਹਨ ਕਿ ਸੰਬੰਧਿਤ ਕਾਲਜ ਬਹੁ ਅਨੁਸ਼ਾਸਨੀ ਸੰਸਥਾ ਬਣਾਉਣ ਲਈ ਜ਼ਮੀਨ, ਇਮਾਰਤ ਅਤੇ ਹੋਰ ਸ਼ਰਤਾਂ ਪੂਰੀਆਂ ਕਰਕੇ ਪ੍ਰਸਤਾਵ ਯੂਨੀਵਰਸਿਟੀ ਨੂੰ ਪੇਸ਼ ਕਰਨ। ਜਦੋਂ ਕਾਲਜ ਇਸ ਮਕਸਦ ਲਈ ਯੂਨੀਵਰਸਿਟੀ ਨਿਯਮਾਂ ਅਤੇ ਸ਼ਰਤਾਂ ਨੂੰ ਜਾਨਣ ਲਈ ਯੂਨੀਵਰਸਿਟੀ ਦੇ ਸੰਬੰਧਿਤ ਅਧਿਕਾਰੀਆਂ ਨੂੰ ਪੁੱਛਦੇ ਹਨ ਤਾਂ ਉਨਾਂ ਨੂੰ ਇਸ ਸੰਬੰਧੀ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀ, ਜਿਸ ਨੂੰ ਲੈ ਕੇ ਕਾਲਜ ਪ੍ਰਬੰਧਕ ਯੂਨੀਵਰਸਿਟੀ ਦੇ ਚੱਕਰ ਕੱਢਣ ਲਈ ਮਜਬੂਰ ਅਤੇ ਭੰਬਲ ਭੂੰਸੇ ਵਿਚ ਹਨ। ਇਸ ਤੋਂ ਇਲਾਵਾ ਕਈ ਕਾਲਜ ਬਹੁ ਅਨੁਸ਼ਾਸਨੀ ਉੱਚ ਸਿੱਖਿਆ ਸੰਸਥਾ ਬਣਾਉਣ ਲਈ ਲਗਾਈਆਂ ਸ਼ਰਤਾਂ ਕਰਨ ਆਪਣੀ ਹੋਂਦ ਨੂੰ ਵੀ ਖਤਰਾ ਸਮਝ ਰਹੇ ਹਨ, ਕਿਉਂਕਿ ਬਹੁ ਅਨੁਸ਼ਾਸਨੀ ਕਾਲਜ ਬਣਾਉਣ ਲਈ ਨਵੇਂ ਡਿਗਰੀ ਪ੍ਰੋਗਰਾਮ ਸ਼ੁਰੂ ਕਰਨੇ ਪੈਣੇ ਹਨ, ਜਿਸ ਲਈ ਉਨ੍ਹਾਂ ਨੂੰ ਜ਼ਮੀਨ ਦੀ ਸ਼ਰਤ ਪੂਰੀ ਕਰਨ ਲਈ ਹੋਰ ਨਾਲ ਦੀ ਜ਼ਮੀਨ ਖਰੀਦਣੀ ਪੈਣੀ ਹੈ ਅਤੇ ਕਈ ਕਾਲਜ ਅਜਿਹੇ ਹਨ, ਜਿਨ੍ਹਾਂ ਦੇ ਨਾਲ ਲੱਗਦੀ ਵਿਕਾਊ ਜ਼ਮੀਨ ਹੀ ਨਹੀਂ ਹੈ ਜਾਂ ਫਿਰ ਬਹੁਤ ਮਹਿੰਗੇ ਭਾਅ ’ਤੇ ਮਿਲਦੀ ਹੈ, ਜਿਸ ਨੂੰ ਲੈ ਕੇ ਕਾਲਜ ਪ੍ਰਬੰਧਕ ਪ੍ਰੇਸ਼ਾਨ ਹਨ।
ਇਸ ਸੰਬੰਧੀ ਫੋਨ ’ਤੇ ਗੱਲ ਕਰਦਿਆਂ ਪੰਜਾਬ ਅਨਏਡਡ ਡਿਗਰੀ ਕਾਲਜ ਐਸੋਸੀਏਸ਼ਨ ਦੇ ਚੇਅਰਮੈਨ ਐਸ.ਐਸ. ਚੱਠਾ ਨੇ ਕਿਹਾ ਕਿ ਬਹੁ ਅਨੁਸ਼ਾਸਨੀ ਸੰਸਥਾ ਬਣਾਉਣਾ 2030 ਤੱਕ ਦਾ ਟੀਚਾ ਹੈ ਪਰ ਪੰਜਾਬੀ ਯੂਨੀਵਰਸਿਟੀ ਕਾਹਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਨਿਯਮਾਂ ਜਾਂ ਸ਼ਰਤਾਂ ਦੀ ਅਸ਼ਪਸਟਤਾਂ ਨੇ ਕਾਲਜ ਪ੍ਰਬੰਧਕਾਂ ਨੂੰ ਚੱਕਰਾਂ ਵਿਚ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਐਸੋਸੀਏਸ਼ਨ ਜਲਦ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾਉਣ ਦਾ ਯਤਨ ਕਰੇਗੀ।
ਇਸ ਸੰਬੰਧੀ ਫੋਨ ’ਤੇ ਗੱਲ ਕਰਦਿਆਂ ਬਲਰਾਜ ਸਿੰਘ ਸੈਣੀ ਡੀਨ ਕਾਲਜਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਐਨ.ਸੀ.ਟੀ.ਈ. ਅਤੇ ਪੰਜਾਬ ਸਰਕਾਰ ਦੇ ਨਿਯਮਾਂ ਤੇ ਸ਼ਰਤਾਂ ਅਨੁਸਾਰ ਹੀ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਜੇ ਕਿਸੇ ਕਾਲਜ ਪ੍ਰਬੰਧਕਾਂ ਨੂੰ ਨਿਯਮਾਂ ਜਾਂ ਸ਼ਰਤਾਂ ਬਾਰੇ ਕੋਈ ਸ਼ੰਕਾ ਹੈ ਤਾਂ ਕਿਸੇ ਵਕਤ ਵੀ ਮੈਨੂੰ ਮਿਲ ਕੇ ਨਿਯਮਾਂ ਨੂੰ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਟਾਫ ਵੀ ਹਮੇਸ਼ਾ ਉਨ੍ਹਾਂ ਦੀ ਸਹਾਇਤਾ ਲਈ ਯੂਨੀਵਰਸਿਟੀ ਸਮੇਂ ਵਿਚ ਹਾਜ਼ਰ ਰਹਿੰਦਾ ਹੈ।
ਬਹੁ-ਅਨੁਸ਼ਾਸਨੀ ਸੰਸਥਾ ਬਣਾਉਣ ਸੰਬੰਧੀ ਅਧੂਰੀ ਜਾਣਕਾਰੀ ਨੇ ਕਾਲਜ ਪ੍ਰਬੰਧਕ ਚੱਕਰਾਂ ’ਚ ਪਾਏ
ਅਜੀਤ ਡੈਸਕ
16-07-2026