ਮੋਗਾ, 16 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿਖੇ ਅੱਜ ਸ਼ਾਮ ਮਾਮੂਲੀ ਤਕਰਾਰ ਤੋਂ ਬਾਅਦ ਇਕ 65 ਸਾਲਾ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਿਕ ਪਿੰਡ ਦੌਧਰ ਵਾਸੀ ਅਤੇ ਬਿਜਲੀ ਬੋਰਡ ਤੋਂ ਸੇਵਾਮੁਕਤ ਨਿਰਮਲ ਸਿੰਘ ਉਮਰ 65 ਸਾਲਾ ਜੋ ਕਿ ਸ਼ਾਮ ਵੇਲੇ ਆਪਣੇ ਘਰੋਂ ਵਾਲ ਕਟਵਾਉਣ ਲਈ ਦੁਕਾਨ ’ਤੇ ਜਾ ਰਿਹਾ ਸੀ ਤਾਂ ਉਸੇ ਦੌਰਾਨ ਪਿੰਡ ਦਾ ਹੀ ਰਹਿਣ ਵਾਲਾ ਗੁਰਪ੍ਰੀਤ ਸਿੰਘ ਉਰਫ਼ ਗੱਗੀ ਆਪਣਾ ਬੁਲਟ ਮੋਟਰਸਾਈਕਲ ਸੜਕ ਦੇ ਵਿਚਕਾਰ ਲਈ ਖੜ੍ਹਾ ਸੀ ਤਾਂ ਨਿਰਮਲ ਸਿੰਘ ਨੇ ਉਸ ਨੂੰ ਪਾਸੇ ਹੋਣ ਲਈ ਕਿਹਾ ਤਾਂ ਉਨ੍ਹਾਂ ਦਾ ਆਪਸ ਵਿਚ ਤਕਰਾਰ ਹੋ ਗਿਆ ਜੋ ਖ਼ੂਨੀ ਰੂਪ ਧਾਰ ਗਿਆ। ਉਸੇ ਦੌਰਾਨ ਗੁਰਪ੍ਰੀਤ ਸਿੰਘ ਨੇ ਗ਼ੁੱਸੇ ਵਿਚ ਆ ਆਪਣੇ ਰਿਵਾਲਵਰ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਤੇ ਨਿਰਮਲ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਮੋਗਾ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਮਾਰਨ ਵਾਲਾ ਗੁਰਪ੍ਰੀਤ ਸਿੰਘ ਦਸ ਦਿਨ ਪਹਿਲਾਂ ਮਨੀਲਾ ਤੋਂ ਪਿੰਡ ਵਾਪਸ ਆਇਆ ਸੀ, ਜੋਕਿ ਹੁਣ ਫਰਾਰ ਹੈ।
ਮਾਮੂਲੀ ਤਕਰਾਰ ਤੋਂ ਬਾਅਦ 65 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
ਅਜੀਤ ਡੈਸਕ
17-07-2026