05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਲਈ ਅੱਜ ਵੱਡੇ ਆਰਥਿਕ ਪੈਕੇਜ ਦੀ ਉਮੀਦ

Ad Position 21
No active advertisement
ਅਜੀਤ ਡੈਸਕ 17-07-2026

ਪ੍ਰਧਾਨ ਮੰਤਰੀ ਮੋਦੀ ਉਦਯੋਗ, ਵਪਾਰ, ਕਿਸਾਨਾਂ ਤੇ ਨਿਵੇਸ਼ ’ਤੇ ਕਰ ਸਕਦੇ ਹਨ ਅਹਿਮ ਐਲਾਨ
ਚੰਡੀਗੜ੍ਹ, 16 ਜੁਲਾਈ (ਸੰਦੀਪ ਕੁਮਾਰ ਮਾਹਨਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਸਿਰਫ਼ ਸਰਕਾਰੀ ਪ੍ਰੋਗਰਾਮ ਨਹੀਂ, ਸਗੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਰਣਨੀਤੀ ਦਾ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ । ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਗੱਠਜੋੜ ਖ਼ਤਮ ਹੋਣ ਤੋਂ ਬਾਅਦ ਭਾਜਪਾ ਪਹਿਲੀ ਵਾਰ ਆਪਣੇ ਦਮ ’ਤੇ ਸੱਤਾ ਹਾਸਲ ਕਰਨ ਦਾ ਟੀਚਾ ਲੈ ਕੇ ਅੱਗੇ ਵੱਧ ਰਹੀ ਹੈ । ਅਜਿਹੇ ਵਿਚ ਪ੍ਰਧਾਨ ਮੰਤਰੀ ਦਾ ਇਹ ਦੌਰਾ ਵਿਕਾਸ, ਨਿਵੇਸ਼ ਅਤੇ ਸਮਾਜਿਕ ਸਮੀਕਰਨਾਂ ਨੂੰ ਇਕੱਠੇ ਜੋੜਨ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ । ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਸੰਬੋਧਨ ਦੌਰਾਨ ਪੰਜਾਬ ਲਈ ਉਦਯੋਗਿਕ ਨਿਵੇਸ਼, ਐਮ.ਐਸ.ਐਮ.ਈ., ਫੂਡ ਪ੍ਰੋਸੈਸਿੰਗ, ਐਗਰੀ-ਬਿਜ਼ਨਸ, ਲੌਜਿਸਟਿਕਸ, ਸਟਾਰਟਅੱਪ ਅਤੇ ਰੁਜ਼ਗਾਰ ਨਾਲ ਸਬੰਧਿਤ ਕੁੱਝ ਨਵੀਆਂ ਪਹਿਲਾਂ ਦਾ ਐਲਾਨ ਜਾਂ ਸੰਕੇਤ ਦੇ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਇਸ ਨੂੰ 2027 ਦੀਆਂ ਚੋਣਾਂ ’ਚ ਆਪਣੀ ਸਭ ਤੋਂ ਵੱਡੀ ਵਿਕਾਸਮੁਖੀ ਉਪਲਬਧੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ । ਇਸ ਦੌਰੇ ਦਾ ਸਭ ਤੋਂ ਮਹੱਤਵਪੂਰਨ ਪੱਖ ਦੋਆਬਾ ਖੇਤਰ ਨੂੰ ਮੰਨਿਆ ਜਾ ਰਿਹਾ ਹੈ । ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਵਾਲਾ ਇਹ ਖੇਤਰ ਉਦਯੋਗਿਕ ਪੱਖੋਂ ਮਜ਼ਬੂਤ ਹੋਣ ਦੇ ਨਾਲ-ਨਾਲ ਪੰਜਾਬ ਦੀ ਸਭ ਤੋਂ ਵੱਡੀ ਅਨੁਸੂਚਿਤ ਜਾਤੀ ਆਬਾਦੀ ਵਾਲਾ ਖੇਤਰ ਵੀ ਹੈ। ਇਸ ਕਰਕੇ ਭਾਜਪਾ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਵੀ ਇਹੀ ਇਲਾਕਾ ਬਣਿਆ ਹੋਇਆ ਹੈ । ਇਸੇ ਦੇ ਚੱਲਦਿਆਂ ਗੁਰੂ ਰਵਿਦਾਸ ਐਕਸਪ੍ਰੈੱਸ ਨੂੰ ਵੀ ਵਿਸ਼ੇਸ਼ ਮਹੱਤਵ ਨਾਲ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਆਬਾ ਦੇ ਰਵਿਦਾਸੀਆ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਵਿਚ ਵੀ ਇਸ ਦਾ ਸਕਾਰਾਤਮਿਕ ਸੰਦੇਸ਼ ਜਾ ਸਕਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ ਕੈਂਟ ਸਮੇਤ ਪੰਜਾਬ ਦੇ ਚਾਰ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਵੀ ਭਾਜਪਾ ਦੇ ਵਿਕਾਸ ਮਾਡਲ ਦਾ ਹਿੱਸਾ ਬਣੇਗਾ । ਉੱਥੇ ਹੀ ਵਿਰੋਧੀ ਪਾਰਟੀਆਂ ਇਸ ਦੌਰੇ ਨੂੰ 2027 ਦੀਆਂ ਚੋਣਾਂ ਲਈ ਭਾਜਪਾ ਦੀ ਚੋਣੀ ਮੁਹਿੰਮ ਦੀ ਸ਼ੁਰੂਆਤ ਕਰਾਰ ਦੇ ਰਹੀਆਂ ਹਨ । ਜੇਕਰ ਪੰਜਾਬ ਲਈ ਉਦਯੋਗ, ਵਪਾਰ, ਕਿਸਾਨਾਂ ਅਤੇ ਨਿਵੇਸ਼ ਨੂੰ ਲੈ ਕੇ ਕੋਈ ਵੱਡਾ ਐਲਾਨ ਹੁੰਦਾ ਹੈ ਤਾਂ ਇਹ ਨਾ ਸਿਰਫ਼ ਸੂਬੇ ਦੀ ਆਰਥਿਕਤਾ ਲਈ ਮਹੱਤਵਪੂਰਨ ਹੋਵੇਗੀ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਸਮੀਕਰਨਾਂ ਨੂੰ ਵੀ ਨਵਾਂ ਮੋੜ ਦੇ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਪਹਿਲੀ ਜੂਨ ਤੋਂ ਹੁਣ ਤੱਕ ਦੇਸ਼ ਵਿਚ ਮੌਸਮੀ ਵਰਖਾ 23 ਫੀਸਦੀ ਘੱਟ ਅਗਲੀ ਖ਼ਬਰ ਪਿੰਡ ਨੰਗਲ ਲੁਬਾਣਾ ਵਿਖੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Ad Position 24
No active advertisement