05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਹਿਲੀ ਜੂਨ ਤੋਂ ਹੁਣ ਤੱਕ ਦੇਸ਼ ਵਿਚ ਮੌਸਮੀ ਵਰਖਾ 23 ਫੀਸਦੀ ਘੱਟ

Ad Position 21
No active advertisement
ਅਜੀਤ ਡੈਸਕ 17-07-2026

ਦੱਖਣੀ ਅਤੇ ਪੂਰਬੀ-ਉੱਤਰ-ਪੂਰਬੀ ਭਾਰਤ ਸਭ ਤੋਂ ਵੱਧ ਪ੍ਰਭਾਵਿਤ
ਮੂਣਕ, 16 ਜੁਲਾਈ (ਕੇਵਲ ਸਿੰਗਲਾ)-ਦੇਸ਼ ਵਿਚ ਦੱਖਣ-ਪੱਛਮੀ ਮਾਨਸੂਨ ਦੌਰਾਨ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਹੋਈ ਬਿਹਤਰ ਵਰਖਾ ਕਾਰਨ ਮੌਸਮੀ ਵਰਖਾ ਦੀ ਘਾਟ ਵਿਚ ਕੁਝ ਕਮੀ ਆਈ ਹੈ, ਪਰ ਹਾਲਾਤ ਅਜੇ ਵੀ ਚਿੰਤਾਜਨਕ ਹਨ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਜੂਨ ਤੋਂ ਹੁਣ ਤੱਕ ਦੇਸ਼ ਵਿਚ ਕੁੱਲ ਮੌਸਮੀ ਵਰਖਾ ਆਮ ਨਾਲੋਂ 23 ਫੀਸਦੀ ਘੱਟ ਦਰਜ ਕੀਤੀ ਗਈ ਹੈ। ਜੂਨ ਦੇ ਅੰਤ ਤੱਕ ਇਹ ਘਾਟ 37 ਫੀਸਦੀ ਸੀ, ਜਿਸ ਵਿਚ ਜੁਲਾਈ ਦੇ ਪਹਿਲੇ ਪੱਖ ਦੌਰਾਨ ਹੋਈ ਵਰਖਾ ਨਾਲ ਕੁਝ ਸੁਧਾਰ ਆਇਆ ਹੈ । ਆਈ.ਐਮ.ਡੀ. ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਦੇਸ਼ ਵਿਚ 227 ਮਿਲੀਮੀਟਰ ਵਰਖਾ ਹੋਈ ਹੈ, ਜਦਕਿ ਇਸ ਸਮੇਂ ਲਈ ਲੰਬੇ ਸਮੇਂ ਦੀ ਔਸਤ (ਐਲਪੀਏ) 294.2 ਮਿਲੀਮੀਟਰ ਹੈ। ਜੁਲਾਈ ਦੇ ਪਹਿਲੇ 15 ਦਿਨਾਂ ਵਿਚ ਦੇਸ਼ ਵਿਚ 123.3 ਮਿਲੀਮੀਟਰ ਵਰਖਾ ਹੋਈ, ਜਦਕਿ ਆਮ ਤੌਰ ’ਤੇ ਇਸ ਅਰਸੇ ਦੌਰਾਨ 128.9 ਮਿਲੀਮੀਟਰ ਮੀਂਹ ਪੈਂਦਾ ਹੈ । ਇਸ ਤਰ੍ਹਾਂ ਇਸ ਅਰਸੇ ਵਿਚ ਕੁੱਲ ਘਾਟ ਸਿਰਫ਼ 4 ਫੀਸਦੀ ਰਹੀ, ਜਿਸ ਨਾਲ ਮਾਨਸੂਨ ਨੂੰ ਕੁਝ ਰਾਹਤ ਮਿਲੀ ਖੇਤਰਵਾਰ ਅੰਕੜਿਆਂ ਮੁਤਾਬਕ ਉੱਤਰ-ਪੱਛਮੀ ਭਾਰਤ ਵਿਚ 84.1 ਮਿਲੀਮੀਟਰ ਵਰਖਾ ਹੋਈ, ਜੋ ਆਮ ਨਾਲੋਂ 7 ਫੀਸਦੀ ਘੱਟ ਹੈ । ਦੂਜੇ ਪਾਸੇ ਕੇਂਦਰੀ ਭਾਰਤ ਵਿਚ ਮਾਨਸੂਨ ਸਭ ਤੋਂ ਮਜ਼ਬੂਤ ਰਿਹਾ । ਓਡੀਸ਼ਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਨੂੰ ਸ਼ਾਮਿਲ ਕਰਨ ਵਾਲੇ ਇਸ ਖੇਤਰ ਵਿਚ 188.6 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਜੋ ਆਮ 144.7 ਮਿਲੀਮੀਟਰ ਦੇ ਮੁਕਾਬਲੇ 30 ਫੀਸਦੀ ਵੱਧ ਹੈ। ਇਹ ਖੇਤਰ ਦੇਸ਼ ਦਾ ਪ੍ਰਮੁੱਖ ਬਰਸਾਤ-ਆਧਾਰਿਤ ਖੇਤੀਬਾੜੀ ਇਲਾਕਾ ਮੰਨਿਆ ਜਾਂਦਾ ਹੈ । ਇਸਦੇ ਉਲਟ ਦੱਖਣੀ ਭਾਰਤ ਵਿਚ ਹਾਲਾਤ ਕਾਫ਼ੀ ਖਰਾਬ ਰਹੇ । ਕੇਰਲ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਵਿਚ ਸਿਰਫ਼ 61.1 ਮਿਲੀਮੀਟਰ ਵਰਖਾ ਹੋਈ, ਜੋ ਆਮ 94.3 ਮਿਲੀਮੀਟਰ ਦੇ ਮੁਕਾਬਲੇ 35 ਫੀਸਦੀ ਘੱਟ ਹੈ । ਇਸੇ ਤਰ੍ਹਾਂ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿਚ ਵੀ ਵਰਖਾ ਦੀ 35 ਫੀਸਦੀ ਘਾਟ ਦਰਜ ਕੀਤੀ ਗਈ। ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਅਸਾਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ਵਿਚ ਆਮ ਨਾਲੋਂ ਕਾਫ਼ੀ ਘੱਟ ਮੀਂਹ ਪਿਆ, ਜਿਸ ਕਾਰਨ ਖੇਤੀਬਾੜੀ ਅਤੇ ਜਲ ਸਰੋਤਾਂ ’ਤੇ ਦਬਾਅ ਬਣਿਆ ਹੋਇਆ ਹੈ । ਮੌਸਮ ਵਿਭਾਗ ਨੇ ਦੱਸਿਆ ਹੈ ਕਿ ਬੰਗਾਲ ਦੀ ਖਾੜੀ ਵਿਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ, ਜਿਸ ਦੇ ਪ੍ਰਭਾਵ ਨਾਲ ਆਉਣ ਵਾਲੇ ਦਿਨਾਂ ਵਿਚ ਪੱਛਮੀ ਬੰਗਾਲ, ਬਿਹਾਰ, ਓਡੀਸ਼ਾ, ਪੂਰਬੀ ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿਚ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ । ਹਾਲਾਂਕਿ ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਵਿਚ ਮਾਨਸੂਨ ਦੀ ਪੂਰੀ ਤਰ੍ਹਾਂ ਸਰਗਰਮੀ ਵਾਪਸ ਆਉਣ ਤੱਕ ਸੁੱਕੇ ਹਾਲਾਤ ਜਾਰੀ ਰਹਿ ਸਕਦੇ ਹਨ । ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਮੁੜ ਤੇਜ਼ੀ ਨਹੀਂ ਫੜਦਾ ਤਾਂ ਵਰਖਾ ਦੀ ਘਾਟ ਦਾ ਸਿੱਧਾ ਅਸਰ ਖਰੀਫ਼ ਫ਼ਸਲਾਂ ਦੀ ਬਿਜਾਈ, ਸਿੰਚਾਈ ਪ੍ਰਬੰਧ ਅਤੇ ਜਲ ਭੰਡਾਰਾਂ ਦੇ ਪੱਧਰ ’ਤੇ ਪੈ ਸਕਦਾ ਹੈ। ਇਸ ਲਈ ਕਿਸਾਨਾਂ ਅਤੇ ਰਾਜ ਸਰਕਾਰਾਂ ਦੀ ਨਜ਼ਰ ਹੁਣ ਮਾਨਸੂਨ ਦੇ ਅਗਲੇ ਦੌਰ ‘ਤੇ ਟਿਕੀ ਹੋਈ ਹੈ ।

Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦੇਣ ਲਈ ਭਾਰਤ ਤੋਂ ਅਪੀਲ ਅਗਲੀ ਖ਼ਬਰ ਪੰਜਾਬ ਲਈ ਅੱਜ ਵੱਡੇ ਆਰਥਿਕ ਪੈਕੇਜ ਦੀ ਉਮੀਦ
Ad Position 24
No active advertisement