ਇੰਸਪੈਕਟਰ ਨਾਗਰਾ ਦੀ ਗ੍ਰਿਫ਼ਤਾਰੀ ਮਗਰੋਂ ਥਾਣਾ ਟਾਂਡਾ ’ਚ ਪਸਰਿਆ ਸੰਨਾਟਾ
ਦੀਪਕ ਬਹਿਲ
ਟਾਂਡਾ ਉੜਮੁੜ, 19 ਜੁਲਾਈ-ਗੈਂਗਸਟਰਾਂ ਤੇ ਪੁਲਿਸ ਦੇ ਗੱਠਜੋੜ ਵਿਚਾਲੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਹੋਈ ਗ੍ਰਿਫ਼ਤਾਰੀ ਜਿਥੇ ਆਪਣੇ ਪਿੱਛੇ ਕਈ ਅਹਿਮ ਸਵਾਲ ਛੱਡ ਗਈ ਹੈ, ਉਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਤਲ ਕੀਤੇ ਗਏ ਆਗੂ ਬਲਵਿੰਦਰ ਸਿੰਘ ਮਿਆਣੀ ਦੇ ਮਾਮਲੇ ਨੂੰ ਦਬਾਉਣ ਲਈ 4 ਕਰੋੜ ਦੀ ਰੰਗਦਾਰੀ ਮੰਗਣ ਤੋਂ ਲੈ ਕੇ ਵਿਦੇਸ਼ੋਂ ਪੈਸੇ ਭੇਜਣ ਵਾਲੇ ਅਤੇ ਫਿਰ ਉਸ ਵਿਚੋਂ 16 ਲੱਖ ਰੁਪਏ ਵਸੂਲ ਕਰਨ ਵਾਲੇ ਸਾਰੇ ਹੀ ਪਾਤਰ ਆਖ਼ਿਰ ਵਰਦੀਧਾਰੀ ਕਿਉਂ ਹਨ। ਬੀਤੇ ਦਿਨ ਇੰਸਪੈਕਟਰ ਨਾਗਰਾ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਜਿਥੇ ਪੰਜਾਬ ਪੁਲਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਥੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਪ੍ਰੈੱਸ ਨੋਟ ਤੋਂ ਇਲਾਵਾ ਕੈਮਰੇ ਸਾਹਮਣੇ ਆ ਕੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਹਾਈਪਰੋਫਾਇਲ ਮਾਮਲੇ ਸੰਬੰਧੀ ਇਕੱਤਰ ਕੀਤੀ ਅਹਿਮ ਜਾਣਕਾਰੀ ਮੁਤਾਬਿਕ ਉਪਰੋਕਤ ਕਤਲ ਜਿਸ ਦੀ ਚਰਚਾ ਸੱਤਾਧਾਰੀ ਗਲਿਆਰਿਆਂ ਵਿਚ ਹੋਵੇ ਤੇ ਮੰਤਰੀ, ਵਿਧਾਇਕ, ਸਾਬਕਾ ਮੰਤਰੀ ਤੇ ਹੋਰ ਕਈ ਸੀਨੀਅਰ ਪੁਲਿਸ ਅਧਿਕਾਰੀ ਮ੍ਰਿਤਕ ਦੇ ਘਰ ਪੁੱਜੇ ਹੋਣ ਆਖ਼ਿਰ ਉਸ ਮਾਮਲੇ ਨਾਗਰਾ ਇਕੱਲਾ ਆਪਣੇ ਪੱਧਰ ’ਤੇ ਕਿੰਝ ਦਬਾ ਸਕਦਾ ਹੈ। ਦੂਜੇ ਪਾਸੇ, ਲੰਮੇ ਸਮੇਂ ਤੋਂ ਚਲੇ ਆ ਰਹੇ ਟਾਂਡਾ ਦੇ ਸਾਬਕਾ ਐਸ. ਐਚ. ਓ. ਨਾਗਰਾ ਨੇ ਕਿਸ ਦੇ ਇਸ਼ਾਰੇ ’ਤੇ ਵਰਦੀ ਦੀ ਆੜ ’ਚ 4 ਕਰੋੜ ਦੀ ਫਿਰੌਤੀ ਮ੍ਰਿਤਕ ਦੇ ਅਮਰੀਕਾ ਰਹਿਣ ਵਾਲੇ ਕੁੜਮ ਚਰਨਜੀਤ ਸਿੰਘ ਪਾਸੋਂ ਮੰਗੀ ਗਈ ਸੀ। ਬਲਵਿੰਦਰ ਸਿੰਘ ਦੀ ‘ਸੁਪਾਰੀ ਕਿਲਿੰਗ’ ’ਚ ਨਾਮਜ਼ਦ ਉਸ ਦੇ ਕੁੜਮ ਚਰਨਜੀਤ ਸਿੰਘ ਦਾ ਪਿਛੋਕੜ ਵੀ ਪੁਲਿਸ ਦੀ ਵਰਦੀ ਨਾਲ ਜੁੜਿਆ ਹੈ। ਅਮਰੀਕਾ ਜਾਣ ਤੋਂ ਪਹਿਲਾਂ ਉਹ ਵੀ ਇਕ ਪੁਲਿਸ ਮੁਲਾਜ਼ਮ ਸੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਉਹ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ‘ਸਮਝੌਤਾ ਐਕਸਪ੍ਰੈੱਸ ਬੱਸ’ ਦੇ ਨਾਲ ਪਾਇਲਟ ਵੀ ਰਹਿ ਚੁੱਕਾ ਹੈ। ਪ੍ਰੰਤੂ ਜਦੋਂ ਇਕ ਪੁਲਿਸ ਅਧਿਕਾਰੀ ਕਿਸੇ ਦੂਜੇ ਪੁਲਿਸ ਮੁਲਾਜ਼ਮ ਰਹੇ ਵਿਅਕਤੀ ਨੂੰ ਕਤਲ ’ਚ ਨਾਮਜ਼ਦ ਕਰਕੇ ਉਸ ਕੋਲੋਂ 4 ਕਰੋੜ ਦੀ ਰੰਗਦਾਰੀ ਮੰਗ ਰਿਹਾ ਹੋਵੇ ਤਾਂ ਉਸੇ ਵੇਲੇ ਹੀ ਟਾਂਡਾ ਦੇ ਨੇੜਲੇ ਪਿੰਡ ਦੇ ਹੀ ਰਹਿਣ ਵਾਲੇ ਜਲੰਧਰ ਦਿਹਾਤੀ ’ਚ ਤਾਇਨਾਤ ਇਕ ਤੀਜੇ ਪੁਲਿਸ ਮੁਲਾਜ਼ਮ ਇਕ ਥਾਣੇਦਾਰ ਦੀ ਐਂਟਰੀ ਹੁੰਦੀ ਹੈ, ਜੋ ਚਰਨਜੀਤ ਸਿੰਘ ਤੇ ਨਾਗਰਾ ਦਾ ਸਾਂਝਾ ਯਾਰ ਹੁੰਦਾ ਹੈ, ਜਿਸ ਰਾਹੀਂ 16 ਲੱਖ ਦਾ ਲੈਣ-ਦੇਣ ਹੋਣਾ ਵੀ ਬਾਅਦ ’ਚ ਪੁਲਿਸ ਜਾਂਚ ਦਾ ਹਿੱਸਾ ਬਣਿਆ। ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦੇ ਆਪਸੀ ਸੰਪਰਕ, ਪਿਛੋਕੜ ਤੇ ਨੌਕਰੀ ਦੌਰਾਨ ਵਤੀਰਾ ਭਾਵੇਂ ਜਾਂਚ ਦਾ ਹਿੱਸਾ ਹੋਵੇ, ਪਰੰਤੂ ਇਸ ਘਟਨਾ ਵਿਚਾਲੇ ਖ਼ਾਕੀ ਦਾਗ਼ਦਾਰ ਹੁੰਦੀ ਜ਼ਰੂਰ ਵਿਖਾਈ ਦੇ ਰਹੀ ਹੈ, ਜਿਸ ਦੇ ਚਲਦਿਆਂ ਦੋ ਹਫ਼ਤੇ ਬੀਤਣ ਤੋਂ ਬਾਅਦ ਵੀ ਇਸ ਥਾਣੇ ’ਚ ਕੋਈ ਨਵਾਂ ਐਸ. ਐਚ. ਓ. ਅਜੇ ਤੱਕ ਨਹੀਂ ਲਗਾਇਆ ਗਿਆ, ਜਿਸ ਥਾਣੇ ’ਚ ਕਦੇ ਪੁਲਿਸ ਦੇ ਛੋਟੇ ਤੋਂ ਵੱਡੇ ਮੁਲਾਜ਼ਮਾਂ ਦੀਆਂ ਲੰਮੀਆਂ ਤਾਇਨਾਤੀਆਂ ਹੁੰਦੀਆਂ ਸਨ। ਹੁਣ ਉਸ ਥਾਣੇ ’ਚ ਅਜੀਬ ਕਿਸਮ ਦੇ ਫੈਲੇ ਸੰਨਾਟੇ ’ਚ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਬੋਰਡ ਲਟਕਦੇ ਜ਼ਰੂਰ ਵਿਖਾਈ ਦਿੰਦੇ ਹਨ।
4 ਕਰੋੜ ਦੀ ਰੰਗਦਾਰੀ ਮੰਗਣ ਤੋਂ ਲੈ ਕੇ ਭੇਜਣ ਤੇ ਵਸੂਲਣ ਵਾਲੇ ਪੁਲਿਸ ਕਰਮਚਾਰੀ ਜਾਂਚ ਦੇ ਘੇਰੇ ’ਚ
ਅਜੀਤ ਡੈਸਕ
20-07-2026