05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਫਾਈਨਾਂਸ ਕਾਰੋਬਾਰੀਆਂ ਦੇ ਸ਼ੈਲਰ ’ਤੇ ਗੋਲੀਆਂ ਚੱਲੀਆਂ

Ad Position 21
No active advertisement
ਅਜੀਤ ਡੈਸਕ 21-07-2026

ਡੇਹਰੀਵਾਲ ਦਰੋਗਾ (ਬਟਾਲਾ), 20 ਜੁਲਾਈ (ਹਰਦੀਪ ਸਿੰਘ ਸੰਧੂ)-ਬਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਲੋਹਚੱਪ ਵਿਚ ਫਾਇਨੈਂਸ ਦਾ ਕਾਰੋਬਾਰ ਕਰਨ ਵਾਲੇ ਤਿੰਨ ਕਾਰੋਬਾਰੀਆਂ ਦੇ ਸ਼ੈਲਰ ’ਤੇ ਦਿਨ-ਦਿਹਾੜੇ ਹਥਿਆਰਬੰਦ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਘਟਨਾ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਲੋਹਚੱਪ ਦੇ ਰਹਿਣ ਵਾਲੇ ਮਹਿਕਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਨਿਸ਼ਾਨ ਸਿੰਘ ਤੇ ਅਜਮੇਰ ਸਿੰਘ ਫਾਇਨਾਂਸ ਦਾ ਕਾਰੋਬਾਰ ਕਰਦੇ ਹਨ। ਅੱਜ ਕੁਝ ਨੌਜਵਾਨ ਪਹਿਲਾਂ ਉਨ੍ਹਾਂ ਦੇ ਵਡਾਲਾ ਗ੍ਰੰਥੀਆਂ ਸਥਿਤ ਫਾਇਨਾਂਸ ਦੇ ਦਫਤਰ ਪਹੁੰਚੇ, ਜਿਥੇ ਉਨ੍ਹਾਂ ਨੇ ਮੇਰੇ ਬਾਰੇ ਪੁੱਛਗਿੱਛ ਕੀਤੀ, ਪ੍ਰੰਤੂ ਮਹਿਕਦੀਪ ਸਿੰਘ ਉਥੇ ਨਾ ਹੋਣ ਕਾਰਨ ਇਹ ਨੌਜਵਾਨ ਨਿਸ਼ਾਨ ਸਿੰਘ ਪਵਾਰ ਲੋਹਚੱਪ ਦੇ ਸ਼ੈਲਰ ’ਤੇ ਪਹੁੰਚ ਗਏ, ਜਿਥੇ ਮਹਿਕਦੀਪ ਸਿੰਘ ਤੇ ਅਜਮੇਰ ਸਿੰਘ ਪਹਿਲਾਂ ਹੀ ਗੱਡੀ ਲਗਾ ਕੇ ਖੜੇ ਸਨ। ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਕਤ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕਾਰੋਬਾਰੀਆਂ ਦਾ ਦਾਅਵਾ ਹੈ ਕਿ ਹਮਲਾਵਰਾਂ ਵਲੋਂ 30 ਤੋਂ ਵੱਧ ਗੋਲੀਆਂ ਚਲਾਈਆਂ, ਜਦਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਜਵਾਬੀ ਗੋਲੀ ਚਲਾਈ, ਪ੍ਰੰਤੂ ਇਥੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਕਾਰੋਬਾਰੀਆਂ ਨੇ ਦੋਸ਼ ਲਗਾਇਆ ਕਿ ਇਹ ਹਮਲਾ ਪਿੰਡ ਦੇ ਹੀ ਇਕ ਨੌਜਵਾਨ ਅਤੇ ਉਸ ਦੇ ਸਾਥੀਆਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਹਿਕਦੀਪ ਸਿੰਘ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਲਈ ਧਮਕੀ ਭਰੀ ਕਾਲ ਆਈ ਸੀ, ਜਿਸ ਸਬੰਧੀ ਥਾਣਾ ਸੇਖਵਾਂ ਵਿਚ ਪਹਿਲਾਂ ਹੀ ਮਾਮਲਾ ਦਰਜ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੇਖਵਾਂ ਦੇ ਐਸ.ਐਚ.ਓ. ਅਮਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਵੱਡੀ ਗਿਣਤੀ ਵਿਚ ਖੋਲ ਬਰਾਮਦ ਕੀਤੇ। ਇਸ ਸਬੰਧੀ ਡੀ.ਐਸ.ਪੀ. ਬਟਾਲਾ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਗੁਰਜੋਤ ਕੌਰ ਗੁਰੂ ਨਾਨਕ ਦੇਵ ’ਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ 6ਵੀਂ ਵਾਰ ਬਣੇ ਮੈਂਬਰ ਅਗਲੀ ਖ਼ਬਰ ਪ੍ਰਭਜੋਤ ਸਿੰਘ ਨੇ ਨੀਟ ਪ੍ਰੀਖਿਆ ‘ਚੋਂ 640 ਅੰਕ ਲਏ
Ad Position 24
No active advertisement