ਨਿਯਮਾਂ ‘ਚ ਛੋਟ ਦੇ ਮੁੱਦੇ ’ਤੇ ਪੰਜਾਬ ਸਰਕਾਰ ਕਰੇਗੀ ਵਿਚਾਰ
ਚੰਡੀਗੜ੍ਹ, 20 ਜੁਲਾਈ (ਸੰਦੀਪ ਕੁਮਾਰ ਮਾਹਨਾ) -ਪੰਜਾਬ ‘ਚ ਮਹਿਲਾ ਉਮੀਦਵਾਰਾਂ ਲਈ ਰਾਖਵੀਂ ਖਾਲੀ ਅਸਾਮੀ ‘ਤੇ ਨਿਯੁਕਤੀ ਦਾ ਮਾਮਲਾ ਫ਼ਿਲਹਾਲ ਚਾਰ ਹਫ਼ਤਿਆਂ ਲਈ ਟਲ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਉਹ ਮਹਿਲਾ ਉਮੀਦਵਾਰਾਂ ਲਈ ਨਿਯਮਾਂ ‘ਚ ਛੋਟ ਦੇਣ ਦੇ ਮੁੱਦੇ ‘ਤੇ ਵਿਚਾਰ ਕਰਕੇ ਉਚਿਤ ਫ਼ੈਸਲਾ ਲਵੇਗੀ। ਇਸ ਤੋਂ ਬਾਅਦ ਹੀ ਇਕਲੌਤੀ ਬੈਂਚ ਦੇ ਉਸ ਹੁਕਮ ‘ਤੇ ਕਾਰਵਾਈ ਹੋਵੇਗੀ, ਜਿਸ ‘ਚ ਸਾਲ 2020 ਦੇ ਨਿਯਮਾਂ ਅਨੁਸਾਰ ਮਹਿਲਾ ਵਰਗ ਲਈ ਰਾਖਵੀਂ ਖਾਲੀ ਅਸਾਮੀ ਭਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਸ਼ਪਾ ਰਾਣੀ ਅਤੇ ਹੋਰਨਾਂ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਡਵੀਜ਼ਨ ਬੈਂਚ ਨੇ ਸਰਕਾਰ ਦੇ ਭਰੋਸੇ ਨੂੰ ਰਿਕਾਰਡ ਦਾ ਹਿੱਸਾ ਬਣਾਇਆ ਅਤੇ ਅਪੀਲ ਦਾ ਨਿਪਟਾਰਾ ਕਰ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਆਪਣੇ ਦਿੱਤੇ ਭਰੋਸੇ ਦੀ ਪਾਲਣਾ ਕਰਨ ਲਈ ਬੱਝੀ ਹੋਵੇਗੀ। ਇਸ ਦੇ ਨਾਲ ਹੀ ਲੰਬਿਤ ਸਬੰਧਤ ਅਰਜ਼ੀਆਂ ਦਾ ਵੀ ਨਿਪਟਾਰਾ ਕਰ ਦਿੱਤਾ ਗਿਆ।
ਮਹਿਲਾ ਰਾਖਵੀਂ ਅਸਾਮੀ ’ਤੇ ਨਿਯੁਕਤੀ ਬਾਰੇ ਫ਼ੈਸਲਾ ਚਾਰ ਹਫ਼ਤਿਆਂ ਲਈ ਟਲਿਆ
ਅਜੀਤ ਡੈਸਕ
21-07-2026