ਬਲਬੀਰ ਸਿੰਘ ਕੋਲਾ
ਬਹਿਰਾਮਪੁਰ, 21 ਜੁਲਾਈ-ਬੀਤੀ ਰਾਤ ਅਤੇ ਅੱਜ ਪੂਰਾ ਦਿਨ ਮੀਂਹ ਪੈਣ ਨਾਲ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਰਕੇ ਰਾਵੀ ਦਰਿਆ ਦੇ ਪੱਤਣ ਮਕੌੜਾ ’ਤੇ ਬੇੜੀ ਚੱਲਣੀ ਬੰਦ ਹੋ ਗਈ। ਅਜਿਹੀ ਸਥਿਤੀ ਵਿਚ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਦਾ ਸੰਪਰਕ ਟੁੱਟ ਗਿਆ। ਜਾਣਕਾਰੀ ਦਿੰਦੇ ਹੋਏ ਪੱਤਣ ਮਕੌੜਾ ’ਤੇ ਮਲਾਹ ਦੀਆਂ ਸੇਵਾਵਾਂ ਨਿਭਾਅ ਰਹੇ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਤੋਂ ਹੀ ਦਰਿਆ ਵਿਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਸੀ ਅਤੇ ਸਵੇਰੇ ਕਰੀਬ 11 ਵਜੇ ਤੱਕ ਦਰਿਆ ਵਿਚ ਕਿਸ਼ਤੀ ਨੂੰ ਚਲਾ ਕੇ ਲੋਕਾਂ ਨੂੰ ਦਰਿਆ ਤੋਂ ਆਰ ਪਾਰ ਲੰਘਾਇਆ ਗਿਆ ਸੀ ਪਰ ਜਦੋਂ ਦਰਿਆ ਵਿਚ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਤਾਂ ਖਤਰੇ ਨੂੰ ਦੇਖਦਿਆਂ ਬੇੜੀ ਨੂੰ ਬੰਦ ਕਰਨਾ ਪਿਆ। ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਦਰਿਆ ਦਾ ਪਾਣੀ ਕੰਢਿਆਂ ਤੱਕ ਪਹੁੰਚ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਜੇਕਰ ਬਰਸਾਤ ਬੰਦ ਨਾ ਹੋਈ ਤਾਂ ਦਰਿਆ ਵਿਚ ਪਾਣੀ ਕੰਢਿਆਂ ਤੋਂ ਬਾਹਰ ਆ ਜਾਵੇਗਾ। ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ ਅਤੇ ਲੋਕ ਪਿਛਲੇ ਸਾਲ ਆਏ ਹੜ੍ਹਾਂ ਕਰਕੇ ਡਰੇ ਹੋਏ ਹਨ। ਪਿਛਲੇ ਸਾਲ ਆਏ ਹੜ੍ਹ ਕਰਕੇ ਦਰਿਆ ਦੇ ਆਰ (ਇਸ ਪਾਸੇ) ਬੱਲੀ ਬਾਹੀ ਦੇ ਸਪੱਰ ਟੁੱਟ ਗਏ ਹਨ, ਜਿਨ੍ਹਾਂ ਦੀ ਦੁਬਾਰਾ ਮੁਰੰਮਤ ਨਹੀਂ ਹੋਈ ਅਤੇ ਜੇਕਰ ਬਰਸਾਤ ਬੰਦ ਨਾ ਹੋਈ ਤਾਂ ਦਰਿਆ ਦੇ ਲਾਗਲੇ ਇਲਾਕੇ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ।
ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ-ਕਿਸ਼ਤੀ ਹੋਈ ਬੰਦ, ਪਾਰਲੇ 7 ਪਿੰਡਾਂ ਦਾ ਸੰਪਰਕ ਟੁੱਟਾ
ਅਜੀਤ ਡੈਸਕ
22-07-2026