ਚੰਡੀਗੜ੍ਹ, 21 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਨੂੰ 22 ਜੁਲਾਈ (ਬੁੱਧਵਾਰ) ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਸ਼ੇਰਾ ਦੀ ਦੂਜੀ ਪਤਨੀ ਹਮੀਰ ਕੌਰ ਵਲੋਂ ਦਾਇਰ ਬੰਦੀ ਪ੍ਰਤੱਖੀਕਰਨ (ਹੇਬੀਅਸ ਕਾਰਪਸ) ਪਟੀਸ਼ਨ ਦੀ ਸੁਣਵਾਈ ਦੌਰਾਨ ਜਾਰੀ ਕੀਤੇ ਗਏ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਹਰਭਜਨ ਸ਼ੇਰਾ ਨੂੰ ਉਨ੍ਹਾਂ ਦੀ ਪਹਿਲੀ ਪਤਨੀ ਅਤੇ ਉਸ ਦੇ ਰਿਸ਼ਤੇਦਾਰਾਂ ਵਲੋਂ ਗੈਰ-ਕਾਨੂੰਨੀ ਤੌਰ ‘ਤੇ ਬੰਧਕ ਬਣਾਕੇ ਰੱਖਿਆ ਗਿਆ ਹੈ।ਪਟੀਸ਼ਨਕਰਤਾ ਹਮੀਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਵਿਆਹ ਮਈ 2024 ‘ਚ ਹਰਭਜਨ ਸ਼ੇਰਾ ਨਾਲ ਹੋਇਆ ਸੀ। ਉਸ ਦੇ ਮੁਤਾਬਕ ਵਿਆਹ ਸਮੇਂ ਸ਼ੇਰਾ ਪਹਿਲਾਂ ਤੋਂ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਹਾਲਾਂਕਿ, ਸ਼ੇਰਾ ਨੇ ਉਸ ਨੂੰ ਦੱਸਿਆ ਸੀ ਕਿ ਪਹਿਲੀ ਪਤਨੀ ਨਾਲ ਉਨ੍ਹਾਂ ਦੇ ਸਾਰੇ ਵਿਵਾਦ ਸੁਲਝ ਚੁੱਕੇ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਮੁਹਾਲੀ ਵਿਚ ਰਹਿ ਰਹੇ ਸਨ। 5 ਜੁਲਾਈ ਨੂੰ ਹਰਭਜਨ ਸ਼ੇਰਾ ਘਰ ਤੋਂ ਕੈਬ ‘ਚ ਸਵਾਰ ਹੋ ਕੇ ਨਿਕਲੇ ਸਨ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸੰਪਰਕ ਹੋ ਸਕਿਆ। ਹਮੀਰ ਕੌਰ ਨੇ ਦੋਸ਼ ਲਗਾਇਆ ਕਿ ਪਹਿਲੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਹਰਭਜਨ ਸ਼ੇਰਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਬੰਧਕ ਬਣਾਇਆ ਹੋਇਆ ਹੈ, ਜਿਸ ਕਾਰਨ ਉਹ ਆਪਣੇ ਪਰਿਵਾਰ ਨਾਲ ਵੀ ਸੰਪਰਕ ਨਹੀਂ ਕਰ ਸਕਦੇ।ਪਟੀਸ਼ਨਕਰਤਾ ਨੇ ਅਦਾਲਤ ਕੋਲੋਂ ਮੰਗ ਕੀਤੀ ਕਿ ਹਰਭਜਨ ਸ਼ੇਰਾ ਨੂੰ ਤੁਰੰਤ ਬਰਾਮਦ ਕਰਕੇ ਆਜ਼ਾਦ ਕਰਵਾਇਆ ਜਾਵੇ ਅਤੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ।ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਸਬੰਧਤ ਥਾਣਾ ਮੁਖੀ (ਐਸ.ਐਚ.ਓ.) ਨੂੰ ਨਿਰਦੇਸ਼ ਦਿੱਤਾ ਗਿਆ ਕਿ ਹਰਭਜਨ ਸ਼ੇਰਾ ਨੂੰ ਬੁੱਧਵਾਰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ।
ਗਾਇਕ ਹਰਭਜਨ ਸ਼ੇਰਾ ਨੂੰ ਅੱਜ ਹਾਈ ਕੋਰਟ ’ਚ ਪੇਸ਼ ਕਰਨ ਦੇ ਹੁਕਮ
ਅਜੀਤ ਡੈਸਕ
22-07-2026