09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅਕਾਲ ਤਖ਼ਤ ਸਾਹਿਬ ਤੋਂ ਸਿਰਜੇ ਪੰਥਕ ਪਲੇਟਫਾਰਮ ਨੂੰ ਕਿਸੇ ਦੀ ਸਿਆਸੀ ਪ੍ਰਯੋਗਸ਼ਾਲਾ ਨਹੀਂ ਬਣਨ ਦੇਵਾਂਗੇ-ਵਡਾਲਾ

Ad Position 21
No active advertisement
ਅਜੀਤ ਡੈਸਕ 23-07-2026
ਚੰਡੀਗੜ੍ਹ, 22 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣਾ ਪੱਖ ਸਪੱਸ਼ਟ ਕਰਦਿਆਂ ਇਕਬਾਲ ਸਿੰਘ ਝੂੰਦਾਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਝੂੰਦਾਂ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਸਿਰਜੇ ਪੰਥਕ ਪਲੇਟਫਾਰਮ ਨੂੰ ਕਮਜ਼ੋਰ ਕਰਨ ਅਤੇ ਪੰਥ ਤੇ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਕਿਸੇ ਵੀ ਵਿਅਕਤੀ ਦੀ ਸਿਆਸੀ ਲਾਲਸਾ ਦੀ ਭੇਂਟ ਨਹੀਂ ਚੜ੍ਹਨ ਦਿੱਤਾ ਜਾਵੇਗਾ। ਚੰਡੀਗੜ੍ਹ ਵਿਖੇ ਸੱਦੀ ਵਿਸ਼ੇਸ਼ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਛੱਡ ਕੇ ਕਿਸੇ ਨਿੱਜੀ ਵਿਅਕਤੀ ਦੀ ਸਰਪ੍ਰਸਤੀ ਕਬੂਲ ਕਰਨਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਕਦੇ ਵੀ ਇਕਬਾਲ ਸਿੰਘ ਝੂੰਦਾਂ ਨੂੰ ਕਿਸੇ ਹੋਰ ਸਿਆਸੀ ਧਿਰ ਨਾਲ ਗਠਜੋੜ ਦਾ ਐਲਾਨ ਕਰਨ ਲਈ ਅਧਿਕਾਰਤ ਨਹੀਂ ਕੀਤਾ। ਜੇਕਰ ਉਨ੍ਹਾਂ ਨੂੰ ਜਥੇਬੰਦੀ ਦੀਆਂ ਨੀਤੀਆਂ ਨਾਲ ਅਸਹਿਮਤੀ ਹੈ ਤਾਂ ਉਹ ਕਿਸੇ ਵੀ ਪਾਰਟੀ ਵਿਚ ਜਾਣ ਲਈ ਆਜ਼ਾਦ ਹਨ ਪਰ ਜਥੇਬੰਦੀ ਦੇ ਨਾਂਅ ’ਤੇ ਪੰਥਕ ਵਰਕਰਾਂ ਨੂੰ ਗੁੰਮਰਾਹ ਕਰਨ ਦਾ ਕਿਸੇ ਨੂੰ ਹੱਕ ਨਹੀਂ।ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਬਾਅਦ ਦੇਸ਼-ਵਿਦੇਸ਼ ਵਿਚੋਂ ਵੱਡੀ ਗਿਣਤੀ ’ਚ ਪੰਥਕ ਹਮਦਰਦਾਂ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਮੈਂਬਰਸ਼ਿਪ ਲੈ ਕੇ ਨਵੇਂ ਪੰਥਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਪਰ ਜਿਨ੍ਹਾਂ ਆਗੂਆਂ ਨੇ ਉਸ ਵੇਲੇ ਆਪਣੇ ਲਈ ਕਿਸੇ ਅਹੁਦੇ ਜਾਂ ਨਿੱਜੀ ਲਾਲਸਾ ਤੋਂ ਇਨਕਾਰ ਕੀਤਾ ਸੀ, ਉਹੀ ਬਾਅਦ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਦੀ ਬਜਾਏ ਆਪਣੀਆਂ ਸਿਆਸੀ ਇੱਛਾਵਾਂ ਨੂੰ ਅੱਗੇ ਰੱਖਣ ਲੱਗ ਪਏ। ਵਡਾਲਾ ਨੇ ਦੋਸ਼ ਲਗਾਇਆ ਕਿ ਜਥੇਬੰਦੀ ਦੇ ਗਠਨ ਤੋਂ ਬਾਅਦ ਕੁਝ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦਾ ਲਗਾਤਾਰ ਵਿਰੋਧ ਕੀਤਾ ਅਤੇ ਵੱਖ-ਵੱਖ ਅਹੁਦਿਆਂ ਲਈ ਸ਼ਰਤਾਂ ਰੱਖੀਆਂ। ਉਨ੍ਹਾਂ ਕਿਹਾ ਕਿ ਜਦੋਂ ਇਹ ਸ਼ਰਤਾਂ ਸਵੀਕਾਰ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਜਥੇਬੰਦੀ ਦੇ ਵਿਰੁੱਧ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਇਨ੍ਹਾਂ ਆਗੂਆਂ ਕੋਲ ਸੀ, ਉੱਥੇ ਨਾ ਸੰਗਠਨ ਖੜ੍ਹਾ ਕੀਤਾ ਗਿਆ, ਨਾ ਵਰਕਰਾਂ ਦੀਆਂ ਮੀਟਿੰਗਾਂ ਹੋਈਆਂ ਅਤੇ ਨਾ ਹੀ ਪਾਰਟੀ ਦੇ ਵਿਸਥਾਰ ਲਈ ਕੋਈ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਮੀਰੀ-ਪੀਰੀ ਦੇ ਸਿਧਾਂਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਪੰਥਕ ਏਕਤਾ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਯਤਨਾਂ ਨਾਲ ਕਈ ਧਿਰਾਂ ਨਾਲ ਸਾਰਥਕ ਗੱਲਬਾਤ ਹੋਈ ਹੈ, ਪਰ ਕੁਝ ਲੋਕ ਏਕਤਾ ਦੀਆਂ ਗੱਲਾਂ ਕਰਨ ਦੇ ਬਾਵਜੂਦ ਪੰਥਕ ਤਾਕਤਾਂ ਨੂੰ ਵੰਡਣ ਵਿਚ ਹੀ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਜਿਆ ਗਿਆ ਇਹ ਪੰਥਕ ਪਲੇਟਫਾਰਮ ਕਿਸੇ ਵੀ ਸਿਆਸੀ ਸੌਦੇਬਾਜ਼ੀ ਜਾਂ ਨਿੱਜੀ ਲਾਲਸਾ ਦੀ ਭੇਂਟ ਨਹੀਂ ਚੜ੍ਹਨ ਦਿੱਤਾ ਜਾਵੇਗਾ। ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪੰਜ ਮੈਂਬਰੀ ਵਫ਼ਦ ਨੇ ਹਾਲ ਹੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਗਗਨਦੀਪ ਸਿੰਘ ਬਰਨਾਲਾ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਨੁਮਾਇੰਦੇ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਚੋਣਾਂ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਪੰਜਾਬ ਦੀ ਨੁਮਾਇੰਦਗੀ, ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਨਿਯੁਕਤੀ ਅਤੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਸਮੇਤ ਪੰਜਾਬ ਨਾਲ ਜੁੜੇ ਅਹਿਮ ਮੁੱਦੇ ਕੇਂਦਰੀ ਗ੍ਰਹਿ ਮੰਤਰੀ ਦੇ ਧਿਆਨ ਵਿਚ ਲਿਆਂਦੇ ਗਏ। ਵਡਾਲਾ ਨੇ ਦਿੱਲੀ ਵਿਚ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਵੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾ ਰਹੇ ਵਿਦਿਆਰਥੀਆਂ ’ਤੇ ਬਲ ਪ੍ਰਯੋਗ ਕਰਨਾ ਮੰਦਭਾਗਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਸੁਣ ਕੇ ਗੱਲਬਾਤ ਰਾਹੀਂ ਹੱਲ ਕੱਢੇ। ਇਸ ਮੌਕੇ ਸੁੱਚਾ ਸਿੰਘ ਛੋਟੇਪੁਰ, ਗੋਬਿੰਦ ਸਿੰਘ ਲੌਂਗੋਵਾਲ, ਗਗਨਦੀਪ ਸਿੰਘ ਬਰਨਾਲਾ, ਕਰਨੈਲ ਸਿੰਘ ਪੀਰਮੁਹੰਮਦ, ਦਵਿੰਦਰ ਸਿੰਘ ਸੋਢੀ, ਗੁਰਜੀਤ ਸਿੰਘ ਤਲਵੰਡੀ, ਬਾਬਾ ਹਰਦੀਪ ਸਿੰਘ, ਤੇਜਿੰਦਰ ਸਿੰਘ ਪੰਨੂੰ ਅਤੇ ਜਗਜੀਤ ਸਿੰਘ ਕੋਹਲੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਸਲੀਪਰ ਬੱਸ ਦਾ ਕਹਿਰ-2 ਨੌਜਵਾਨਾਂ ਦੀ ਮੌਤ, 4 ਜ਼ਖ਼ਮੀ ਅਗਲੀ ਖ਼ਬਰ ਜਲੰਧਰ ਨੇੜਲੇ ਪਿੰਡ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ
Ad Position 24