ਪਠਾਨਕੋਟ, 22 ਜੁਲਾਈ (ਸੁਮਿਤ/ ਵਿਨੋਦ/ ਸੰਧੂ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੰਡ ਕੌਂਤਰਪੁਰ ਨੇੜੇ ਬੁੱਧਵਾਰ ਸਵੇਰੇ ਲਗਭਗ 8 ਵਜੇ ਦੇ ਕਰੀਬ ਵਾਪਰੇ ਭਿਆਨਕ ਸੜਕ ਹਾਦਸੇ ਨੇ ਇਲਾਕੇ ਵਿਚ ਸੋਗ ਦੀ ਲਹਿਰ ਦੌੜਾ ਦਿੱਤੀ। ਇਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਸਲੀਪਰ ਬੱਸ, ਜਿਸ ਦਾ ਨੰਬਰ ਏ.ਆਰ.20ਬੀ 0956 ਸੀ, ਨੇ ਪਹਿਲਾਂ ਸਕੂਟਰੀ ਸਵਾਰ ਮਹਿਲਾ ਅਤੇ ਫਿਰ ਦੋ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਏਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਛੋਟੀ ਬੱਚੀ ਸਮੇਤ ਚਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ (33) ਪੁੱਤਰ ਦਰਸ਼ਨ ਸਿੰਘ ਨਿਵਾਸੀ ਕੌਂਤਰਪੁਰ ਅਤੇ ਅਰੁਣ ਕੁਮਾਰ (25) ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਕੌਂਤਰਪੂਰ ਵਜੋਂ ਹੋਈ ਹੈ।ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਦਾ ਗੁੱਸਾ ਭੜਕ ਉੱਠਿਆ। ਰੋਸ ਵਿਚ ਆਏ ਲੋਕਾਂ ਨੇ ਹਾਦਸੇ ਵਾਲੀ ਸਲੀਪਰ ਬੱਸ ਨੂੰ ਅੱਗ ਲਗਾ ਦਿੱਤੀ। ਪਿੰਡ ਕੌਂਤਰਪੁਰ ਦੇ ਵਸਨੀਕ ਪ੍ਰਹਿਲਾਦ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਬੱਸ ਜਲੰਧਰ ਤੋਂ ਪਠਾਨਕੋਟ ਵੱਲ ਆ ਰਹੀ ਸੀ। ਉਨ੍ਹਾਂ ਅਨੁਸਾਰ ਬੱਸ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ ਅਤੇ ਲਾਪ੍ਰਵਾਹੀ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਫ਼ਰਾਰ ਚਾਲਕ ਅਤੇ ਸੰਬੰਧਿਤ ਟਰਾਂਸਪੋਰਟ ਕੰਪਨੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ, ਜਦਕਿ ਪੁਲਿਸ ਨੇ ਸਥਿਤੀ ਨੂੰ ਸ਼ਾਂਤ ਕਰਵਾਉਂਦਿਆਂ ਆਵਾਜਾਈ ਨੂੰ ਮੁੜ ਬਹਾਲ ਕਰਵਾਇਆ।