ਚੰਡੀਗੜ੍ਹ, 22 ਜੁਲਾਈ (ਸੰਦੀਪ ਕੁਮਾਰ ਮਾਹਨਾ)-‘ਨੀਟ’ ਪ੍ਰੀਖਿਆ ਵਿਵਾਦ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਾਲੇ ਸਿਆਸੀ ਟਕਰਾਅ ਉਸ ਸਮੇਂ ਹੋਰ ਵੱਧ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਇਕਾਈ ਵਲੋਂ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ’ਤੇ ‘ਨੀਟ’ ਦੇ ਮੁੱਦੇ ਨੂੰ ਸਿਆਸੀ ਰੰਗ ਦੇਣ ਅਤੇ ਪੰਜਾਬ ਦੇ ਕਥਿਤ ਪ੍ਰੀਖਿਆ ਘਪਲਿਆਂ ’ਤੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਕਾਂਗਰਸ ਦਫ਼ਤਰ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰੋਕਦਿਆਂ ਢਿੱਲੋਂ ਸਮੇਤ ਸੈਂਕੜੇ ਭਾਜਪਾ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਪੰਜਾਬ ਕਾਂਗਰਸ ਦਾ ਘਿਰਾਓ ਕਰਨ ਵਾਲਿਆਂ ’ਚ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੋਰ, ਕੇ.ਡੀ ਭੰਡਾਰੀ, ਸੂਬਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਰਣਜੀਤ ਸਿੰਘ ਗਿੱਲ, ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ। ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਠੇ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਦਫ਼ਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪਹਿਲਾਂ ਤੋਂ ਤਾਇਨਾਤ ਚੰਡੀਗੜ੍ਹ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।ਇਸ ਦੌਰਾਨ ਪੁਲਿਸ ਅਤੇ ਭਾਜਪਾ ਵਰਕਰਾਂ ਵਿਚਾਲੇ ਹਲਕੀ ਧੱਕਾ-ਮੁੱਕੀ ਵੀ ਹੋਈ, ਜਿਸ ਤੋਂ ਬਾਅਦ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪਾਰਟੀ ਦੇ ਕਈ ਸੀਨੀਅਰ ਆਗੂਆਂ ਅਤੇ ਸੈਂਕੜੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ਸੈਕਟਰ-11 ਪੁਲਿਸ ਥਾਣੇ ਲਿਜਾਇਆ ਗਿਆ। ਜਿੱਥੋਂ ਬਾਅਦ ਵਿਚ ਉਨ੍ਹਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।ਹਿਰਾਸਤ ’ਚ ਲਏ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ‘ਨੀਟ’ ਦੇ ਮੁੱਦੇ ਨੂੰ ਵਿਦਿਆਰਥੀਆਂ ਦੇ ਹਿੱਤ ਦੀ ਬਜਾਏ ਆਪਣੀ ਡੁੱਬਦੀ ਸਿਆਸਤ ਨੂੰ ਮੁੜ ਜ਼ਿੰਦਾ ਕਰਨ ਲਈ ਵਰਤ ਰਹੀ ਹੈ।