07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅੱਜ-ਭਲਕੇ ਜਾਰੀ ਹੋ ਸਕਦੀ ਹੈ ਪੰਜਾਬ ਭਾਜਪਾ ਦੀ ਨਵੀਂ ਸੂਬਾ ਕਾਰਜਕਾਰਨੀ

Ad Position 21
No active advertisement
ਅਜੀਤ ਡੈਸਕ 24-07-2026

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਦਿੱਲੀ ’ਚ ਕੇਂਦਰੀ ਲੀਡਰਸ਼ਿਪ ਨਾਲ ਚਰਚਾ
ਚੰਡੀਗੜ੍ਹ, 23 ਜੁਲਾਈ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੀ ਬਹੁ-ਉਡੀਕੀ ਸੂਬਾ ਕਾਰਜਕਾਰਨੀ ਦੀ ਸੂਚੀ ਅੱਜ ਜਾਂ ਭਲਕੇ ਕਿਸੇ ਵੀ ਸਮੇਂ ਜਾਰੀ ਹੋ ਸਕਦੀ ਹੈ। ਪਾਰਟੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਨਵੀਂ ਕਾਰਜਕਾਰਨੀ ਨੂੰ ਲੈ ਕੇ ਚੱਲ ਰਹੀ ਮਸ਼ਕਤ ਅੰਤਿਮ ਪੜਾਅ ਵਿਚ ਪਹੁੰਚ ਚੁੱਕੀ ਹੈ ਅਤੇ ਕੇਂਦਰੀ ਲੀਡਰਸ਼ਿਪ ਦੀ ਮਨਜ਼ੂਰੀ ਮਿਲਦੇ ਹੀ ਸੂਚੀ ਜਨਤਕ ਕਰ ਦਿੱਤੀ ਜਾਵੇਗੀ। ਪੰਜਾਬ ’ਚ ਨਵੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਤੋਂ ਬਾਅਦ ਇਹ ਪਹਿਲੀ ਪੂਰੀ ਸੂਬਾ ਕਾਰਜਕਾਰਨੀ ਹੋਵੇਗੀ, ਜਿਸ ਕਾਰਨ ਪਾਰਟੀ ਦੇ ਅੰਦਰ ਅਤੇ ਸਿਆਸੀ ਹਲਕਿਆਂ ਵਿਚ ਇਸ ਨੂੰ ਲੈ ਕੇ ਖਾਸੀ ਦਿਲਚਸਪੀ ਬਣੀ ਹੋਈ ਹੈ।ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸੁਲੂ ਦਿੱਲੀ ’ਚ ਹਨ। ਦੋਵੇਂ ਆਗੂ ਕੇਂਦਰੀ ਲੀਡਰਸ਼ਿਪ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਜਿਨ੍ਹਾਂ ਵਲੋਂ ਸੂਬਾ ਕਾਰਜਕਾਰਨੀ ਦੇ ਹਰੇਕ ਅਹੁਦੇ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਜ਼ਿਆਦਾਤਰ ਨਾਵਾਂ ’ਤੇ ਸਹਿਮਤੀ ਬਣ ਚੁੱਕੀ ਹੈ ਅਤੇ ਸਿਰਫ਼ ਕੁਝ ਅਹੁਦਿਆਂ ਨੂੰ ਲੈ ਕੇ ਚਰਚਾ ਜਾਰੀ ਹੈ। ਭਾਜਪਾ ਇਸ ਵਾਰ ਸੰਗਠਨ ਦੇ ਗਠਨ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨਾਲ ਜੋੜ ਕੇ ਦੇਖ ਰਹੀ ਹੈ। ਪਾਰਟੀ ਦਾ ਮੰਨਣਾ ਹੈ ਕਿ ਜੇਕਰ ਚੋਣਾਂ ਤੋਂ ਪਹਿਲਾਂ ਸੰਗਠਨ ਮਜ਼ਬੂਤ ਅਤੇ ਸਰਗਰਮ ਹੋਵੇਗਾ ਤਾਂ ਉਸ ਦਾ ਸਿੱਧਾ ਲਾਭ ਚੋਣ ਪ੍ਰਦਰਸ਼ਨ ਵਿਚ ਮਿਲ ਸਕਦਾ ਹੈ। ਇਸੇ ਕਾਰਨ ਨਵੀਂ ਕਾਰਜਕਾਰਨੀ ਵਿਚ ਸਿਰਫ਼ ਰਵਾਇਤੀ ਸਮੀਕਰਨਾਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪਾਰਟੀ ਵਲੋਂ ਤਿਆਰ ਕੀਤੀ ਜਾਣ ਵਾਲੀ ਨਵੀਂ ਕਾਰਜਕਾਰਨੀ ਵਿਚ ਮਾਝਾ, ਮਾਲਵਾ ਅਤੇ ਦੁਆਬਾ ਤਿੰਨਾਂ ਖੇਤਰਾਂ ਵਿਚਕਾਰ ਸੰਤੁਲਨ ਬਣਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਵਿਧਾਨ ਸਭਾ ਹਲਕਿਆਂ ਨੂੰ ਨੁਮਾਇੰਦਗੀ ਮਿਲੇ ਤਾਂ ਜੋ ਹਰ ਖੇਤਰ ਦੇ ਵਰਕਰਾਂ ਨੂੰ ਸੰਗਠਨ ਨਾਲ ਜੋੜਿਆ ਜਾ ਸਕੇ। ਇਸ ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ, ਪਿਛੜੇ ਵਰਗਾਂ, ਮਹਿਲਾਵਾਂ, ਨੌਜਵਾਨਾਂ, ਕਿਸਾਨ ਭਾਈਚਾਰੇ, ਵਪਾਰੀ ਵਰਗ ਅਤੇ ਪੇਸ਼ੇਵਰਾਂ ਨੂੰ ਵੀ ਯੋਗ ਪ੍ਰਤੀਨਿਧਤਾ ਦਿੱਤੇ ਜਾਣ ਦੀ ਸੰਭਾਵਨਾ ਹੈ।ਇਹ ਵੀ ਚਰਚਾ ਹੈ ਕਿ ਨਵੀਂ ਕਾਰਜਕਾਰਨੀ ਰਾਹੀਂ ਭਾਜਪਾ ਪੰਜਾਬ ਵਿਚ ਆਪਣਾ ਸਮਾਜਿਕ ਆਧਾਰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਖ਼ਾਸ ਕਰਕੇ ਉਹਨਾਂ ਵਰਗਾਂ ਅਤੇ ਖੇਤਰਾਂ ਨੂੰ ਵੱਧ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ, ਜਿੱਥੇ ਪਾਰਟੀ ਆਪਣਾ ਪ੍ਰਭਾਵ ਵਧਾਉਣਾ ਚਾਹੁੰਦੀ ਹੈ। ਇਸ ਨਾਲ ਸੰਗਠਨ ਨੂੰ ਨਵੀਂ ਊਰਜਾ ਮਿਲਣ ਦੇ ਨਾਲ-ਨਾਲ ਆਉਣ ਵਾਲੇ ਸਮੇਂ ’ਚ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਨੂੰ ਵੀ ਗਤੀ ਮਿਲਣ ਦੀ ਉਮੀਦ ਹੈ। ਨਵੀਂ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਭਾਜਪਾ ਪੰਜਾਬ ਵਲੋਂ ਸੂਬਾ, ਜ਼ਿਲ੍ਹਾ ਅਤੇ ਮੰਡਲ ਪੱਧਰ ’ਤੇ ਲਗਾਤਾਰ ਮੀਟਿੰਗਾਂ ਅਤੇ ਸੰਗਠਨਕ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਪਾਰਟੀ ਦਾ ਮਕਸਦ ਬੂਥ ਪੱਧਰ ਤੱਕ ਸੰਗਠਨ ਨੂੰ ਸਰਗਰਮ ਕਰਨਾ ਅਤੇ ਹਰ ਵਿਧਾਨ ਸਭਾ ਹਲਕੇ ਵਿਚ ਚੋਣ ਤਿਆਰੀਆਂ ਨੂੰ ਤੇਜ਼ ਕਰਨਾ ਹੈ।ਜ਼ਿਕਰਯੋਗ ਹੈ ਕਿ ਪਿਛਲੀ ਸੂਬਾ ਕਾਰਜਕਾਰਨੀ ਵਿਚ 5 ਜਨਰਲ ਸਕੱਤਰ, 13 ਮੀਤ ਪ੍ਰਧਾਨ ਅਤੇ 13 ਸੂਬਾ ਸਕੱਤਰ ਨਿਯੁਕਤ ਕੀਤੇ ਗਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਮੋਰਚਿਆਂ, ਸੈਲਾਂ ਅਤੇ ਵਿਭਾਗਾਂ ਲਈ ਵੀ ਵੱਡੀ ਗਿਣਤੀ ’ਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਵੀ ਲਗਭਗ ਇਸੇ ਤਰ੍ਹਾਂ ਦਾ ਸੰਗਠਨਕ ਢਾਂਚਾ ਬਣਾਏ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਕੁਝ ਅਹੁਦਿਆਂ ’ਤੇ ਫੇਰਬਦਲ ਅਤੇ ਨਵੀਆਂ ਨਿਯੁਕਤੀਆਂ ਹੋ ਸਕਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੰਮਕਾਜ ਰਹੇਗਾ ਠੱਪ, ਐਲ.ਏ.ਡੀ.ਸੀ. ਨੀਤੀ ਵਿਰੁੱਧ ਸੰਘਰਸ਼ ਤੇਜ਼ ਅਗਲੀ ਖ਼ਬਰ ਫ਼ਸਲੀ ਬੀਮਾ ਯੋਜਨਾ ਸਕੀਮ ਖੇਤੀ ਕਾਸ਼ਤਕਾਰ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦੀ ਭਰਪਾਈ ਕਰਨ ਤੋਂ ਅਸਮਰੱਥ
Ad Position 24
No active advertisement