28 ਨੂੰ ਐਸ.ਐਸ.ਪੀ. ਤੋਂ ਲਾਠੀਚਾਰਜ ਮਾਮਲੇ ’ਚ ਰਿਪੋਰਟ ਕੀਤੀ ਗਈ ਹੈ ਤਲਬ
ਬਰਨਾਲਾ, 26 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚ ਕੇ ਜ਼ੇਰੇ ਇਲਾਜ ਸਫ਼ਾਈ ਸੇਵਕਾਂ ਦਾ ਹਾਲ ਜਾਣਿਆ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਵੱਡੀ ਪੱਧਰ ’ਤੇ ਲਾਠੀਚਾਰਜ ਕਰ ਕੇ ਸਫ਼ਾਈ ਸੇਵਕਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ। ਜਦੋਂ ਮਿਤੀ 23 ਜੁਲਾਈ ਨੂੰ ਇਸ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਤੁਰੰਤ ‘ਸੂ ਮੋਟੋ’ ਨੋਟਿਸ ਲੈ ਕੇ 28 ਜੁਲਾਈ ਨੂੰ ਐਸ.ਐਸ.ਪੀ. ਪਾਸੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪੁਰਸ਼ ਪੁਲਿਸ ਮੁਲਾਜ਼ਮਾਂ ਵਲੋਂ ਔਰਤ ਸਫ਼ਾਈ ਸੇਵਕਾਂ ਉਪਰ ਲਾਠੀਚਾਰਜ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ। ਇਸ ਲਈ ਉਨ੍ਹਾਂ ਵਲੋਂ ਰਿਪੋਰਟ ਤੋਂ ਦੋ ਦਿਨ ਪਹਿਲਾਂ ਖ਼ੁਦ ਬਰਨਾਲਾ ਵਿਖੇ ਪਹੁੰਚ ਕੇ ਸਫ਼ਾਈ ਸੇਵਕਾਂ ਦਾ ਪੱਖ ਸੁਣਿਆ ਗਿਆ ਅਤੇ ਸਫ਼ਾਈ ਸੇਵਕਾਂ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੂੰ ਵੀ 28 ਜੁਲਾਈ ਨੂੰ ਪੱਖ ਦੇਣ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਸਾਰੇ ਤੱਥ ਸਾਹਮਣੇ ਆ ਸਕਣ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਸਫ਼ਾਈ ਸੇਵਕਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ ਅਤੇ ਪੁਲਿਸ ਮੁਲਾਜਮਾਂ ਖ਼ਿਲਾਫ਼ ਜੋ ਵੀ ਬਣਦੀ ਕਾਰਵਾਈ ਹੋਵੇਗੀ, ਜ਼ਰੂਰ ਕੀਤੀ ਜਾਵੇਗੀ। ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਪਤਾ ਲੱਗਾ ਕਿ ਸਿਵਲ ਹਸਪਤਾਲ ਵਿਚ ਸਫਾਈ ਸੇਵਕਾਂ ਤੋਂ ਐਕਸ-ਰੇ ਕਰਵਾਉਣ ਅਤੇ ਹੋਰ ਮੈਡੀਕਲ ਫੀਸਾਂ ਲਈ 800-800 ਰੁਪਏ ਲਏ ਜਾ ਰਹੇ ਹਨ, ਜਿਸ ਸੰਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਰੈੱਡ ਕਰਾਸ ਵਿਚੋਂ ਸਫ਼ਾਈ ਸੇਵਕਾਂ ਦਾ ਇਲਾਜ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਐਸ.ਸੀ.ਕਮਿਸ਼ਨ ਪੰਜਾਬ ਦੇ ਮੈਂਬਰ ਰੁਪਿੰਦਰ ਸਿੰਘ ਸ਼ੀਤਲ, ਐਸ.ਡੀ.ਐਮ. ਅਜੀਤਪਾਲ ਸਿੰਘ, ਐਸ.ਐਮ.ਓ. ਡਾ. ਇੰਦੂ ਬਾਂਸਲ, ਡੀ.ਐਮ. ਡਾ. ਗੁਰਵਿੰਦਰ ਕੌਰ ਔਜਲਾ ਆਦਿ ਹਾਜ਼ਰ ਸਨ।
ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਸਫ਼ਾਈ ਸੇਵਕਾਂ ਦਾ ਜਾਣਿਆ ਹਾਲ
ਅਜੀਤ ਡੈਸਕ
27-07-2026