ਪੰਥ ਵਿਰੋਧੀ ਤੇ ਗੈਰ-ਲੋਕਤੰਤਰਿਕ ਕਾਰਵਾਈਆਂ ਦੇ ਰੋਸ ਵਜੋਂ ਲਿਆ ਫ਼ੈਸਲਾ
ਸਾਹਨੇਵਾਲ, 26 ਜੁਲਾਈ (ਅਮਰਜੀਤ ਸਿੰਘ ਮੰਗਲੀ)-ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਕੋਰ ਕਮੇਟੀ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿਚ ਪੰਥ ਅਤੇ ਪੰਜਾਬ ਦੇ ਮੌਜੂਦਾ ਹਲਾਤਾਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਸਾਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚੋਂ ਆਏ ਪ੍ਰਮੁੱਖ ਆਗੂਆਂ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਅਕਾਲੀ ਸਿਆਸਤ ਆਗੂਆਂ ਦੀਆਂ ਨਿੱਜੀ ਲਾਲਸਾਵਾਂ ਕਾਰਨ ਪੰਥ ਅਤੇ ਪੰਜਾਬ ਦੇ ਏਜੰਡੇ ਤੋਂ ਭਟਕ ਚੁੱਕੀ ਹੈ। ਇਸ ਲਈ ਪੰਥ ਤੇ ਪੰਜਾਬ ਪ੍ਰਸਤ ਰਾਜਨੀਤੀ ਨੂੰ ਖੜਾ ਕਰਨ ਲਈ ਜੋ ਉਪਰਾਲਾ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਵਲੋਂ ਕੀਤਾ ਜਾ ਰਿਹਾ ਹੈ। ਅਸੀਂ ਉਸ ਦੀ ਪੂਰਨ ਰੂਪ ਵਿਚ ਸ਼ਲਾਘਾ ਅਤੇ ਸਮਰਥਨ ਕਰਦੇ ਹਾਂ। ਇਕਬਾਲ ਸਿੰਘ ਝੂੰਦਾ ਖ਼ਿਲਾਫ਼ ਕੀਤੀ ਗਈ ਗੈਰ-ਸਿਧਾਂਤਕ ਇਕਤਰਫਾ ਪਾਰਟੀ ’ਚੋਂ ਕੱਢਣ ਦੀ ਕਾਰਵਾਈ ਦੇ ਰੋਸ ਵਜੋਂ ਅਸੀਂ ਸਮੂਹ ਆਗੂ ਪ੍ਰੈੱਸ ਰਾਹੀਂ ਭਰੇ ਮਨ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਆਪਣੇ ਅਸਤੀਫ਼ੇ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜ ਰਹੇ ਹਾਂ ਅਤੇ ਅਗਲਾ ਰਾਜਸੀ ਫ਼ੈਸਲਾ ਪੰਜਾਬ ਵਿਚੋਂ ਸਾਰੇ ਪੰਥਕ ਅਤੇ ਰਾਜਸੀ ਆਗੂਆਂ ਅਤੇ ਸੰਗਤ ਦੀ ਰਾਏ ਨਾਲ ਲਿਆ ਜਾਵੇਗਾ। ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਅਸੀਂ ਅੱਜ ਰੋਸ ਵਜੋਂ ਹੇਠ ਲਿਖੇ ਆਗੂਆਂ ਦੇ ਅਸਤੀਫ਼ੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜ ਰਹੇ ਹਾਂ। ਅਸਤੀਫ਼ੇ ਭੇਜਣ ਵਾਲੇ ਪ੍ਰਮੁੱਖ ਆਗੂਆਂ ਵਿਚ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਕੋਰ ਕਮੇਟੀ, ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਜਸਵੀਰ ਸਿੰਘ ਘੁੰਮਣ ਜਨਰਲ ਸਕੱਤਰ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਵਿੰਦਰ ਸਿੰਘ ਗੋਗੀ ਸਾਬਕਾ ਜ਼ਿਲ੍ਹਾ ਪ੍ਰਧਾਨ ਰੋਪੜ,ਗੁਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਹਰਿੰਦਰਪਾਲ ਸਿੰਘ ਟੌਹੜਾ ਸਟੇਟ ਡੈਲੀਗੇਟ, ਡਾ. ਹਰਭਜਨ ਸਿੰਘ ਪਾਤੜਾਂ, ਸੁਖਵੰਤ ਸਿੰਘ ਪੰਜਲੈਂਡ ਵਰਕਿੰਗ ਕਮੇਟੀ ਮੈਂਬਰ, ਤਰਸੇਮ ਸਿੰਘ ਜੱਸੋਵਾਲ ਹੁਸ਼ਿਆਰਪੁਰ, ਐਡਵੋਕੇਟ ਜ਼ੁਲਫਕਾਰ ਅਲੀ ਸਾਬਕਾ ਸੀ. ਈ. ਓ. ਬੱਕ ਬੋਰਡ, ਐਡਵੋਕੇਟ ਸਫੀਕ ਚੌਹਾਨ ਮਲੇਰਕੋਟਲਾ ਵਰਕਿੰਗ ਕਮੇਟੀ ਮੈਂਬਰ, ਅਮਰਜੀਤ ਸਿੰਘ ਸਨੌਰ ਸਟੇਟ ਡੈਲੀਗੇਟ ਵੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਨੇ ਸਮੂਹਿਕ ਤੌਰ ’ਤੇ ਦਿੱਤੇ ਅਸਤੀਫ਼ੇ
ਅਜੀਤ ਡੈਸਕ
27-07-2026