ਲਾਹੌਰ ’ਚ ਮਿਆਨੀ ਸਾਹਿਬ ਕਬਰਸਤਾਨ ਦੇ ‘ਕੰਜਰਾਂ ਦੇ ਅਹਾਤੇ’ ’ਚ ਕਬਰ ਮੌਜੂਦ
ਅੰਮ੍ਰਿਤਸਰ, 26 ਜੁਲਾਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੀ ਕਬਰ ਦੇ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚਲੇ ਮਿਆਨੀ ਸਾਹਿਬ ਕਬਰਸਤਾਨ ‘ਚ ਹੋਣ ਬਾਰੇ ਦਾਅਵੇ ਕੀਤੇ ਜਾ ਰਹੇ ਹਨ। ਲਾਹੌਰ ਦੇ ਸਾਹਿਤਕਾਰ ਉਮਰ ਸ਼ਾਹ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਬਲੋਚਿਸਤਾਨ ਦੇ ਗੰਜੂਬਾ ਦੇ ਨਿਵਾਸੀ ਇਤਿਹਾਸਕਾਰ ਮੌਲਵੀ ਨੂਰ ਅਹਿਮਦ ਚਿਸ਼ਤੀ (ਜਨਮ 10 ਜੂਨ 1823, ਦਿਹਾਂਤ 11 ਅਗਸਤ 1867) ਵਲੋਂ ਲਿਖੀ ਪੁਸਤਕ ‘ਤਹਿਕੀਕਾਤ-ਏ-ਚਿਸ਼ਤੀ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਣੀ ਮੋਰਾਂ ਦੇ ਸੰਨ 1835 ‘ਚ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੀ ਵਸੀਅਤ ਮੁਤਾਬਿਕ ਉਨ੍ਹਾਂ ਨੂੰ ਲਾਹੌਰ ਦੀ ਬਹਾਵਲਪੁਰ ਰੋਡ ਸਥਿਤ ਮਿਆਨੀ ਸਾਹਿਬ ਕਬਰਸਤਾਨ ਦੇ ਹਜ਼ਰਤ ਤਾਹਿਰ ਬੰਦਗੀ ਦੇ ਅਹਾਤੇ ‘ਚ ਦਫ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੱਖਣਪੁਰ ਦੀ ਰਹਿਣ ਵਾਲੀ ਮੋਰਾਂ ਨਾਲ ਮਹਾਰਾਜਾ ਨੇ ਸੰਨ 1802 ‘ਚ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ ਅਤੇ ਉਸ ਨਾਲ ਵਿਆਹ ਕਰਨ ਤੋਂ ਬਾਅਦ ਮਹਾਰਾਜਾ ਉਸ ਨੂੰ ਲਾਹੌਰ ਲੈ ਗਏ। ਲਾਹੌਰ ਦੇ ਉਕਤ ਕਬਰਸਤਾਨ ‘ਚ ਮੌਜੂਦਾ ਸਮੇਂ ਪਾਕਿਸਤਾਨ ਦੀਆਂ ਨਾਮਵਰ ਸ਼ਖ਼ਸੀਅਤਾਂ ਦੇ ਨਾਲ-ਨਾਲ ਦੁੱਲਾ ਭੱਟੀ ਦੀ ਕਬਰ ਸਮੇਤ ਹਜ਼ਾਰਾਂ ਹੋਰ ਕਬਰਾਂ ਮੌਜੂਦ ਹਨ। ਮੌਲਵੀ ਨੂਰ ਅਹਿਮਦ ਚਿਸ਼ਤੀ ਵਲੋਂ ਆਪਣੀ ਕਿਤਾਬ ‘ਚ ਰਾਣੀ ਮੋਰਾਂ ਦੀ ਕਬਰ ਬਾਰੇ ਕੀਤੀ ਗਈ ਸਪਸ਼ਟ ਨਿਸ਼ਾਨਦੇਹੀ ਮੁਤਾਬਿਕ ਨਾਨਕਸ਼ਾਹੀ ਇੱਟਾਂ ਅਤੇ ਚੂਨੇ ਨਾਲ ਬਣਾਏ ਚਬੂਤਰੇ ‘ਤੇ ਉਸਾਰੀ ਗਈ ਉਕਤ ਕਬਰ ‘ਤੇ ਚਿਰਾਗ਼ ਜਗਾਉਣ ਲਈ ਇਕ ਬੁਰਜੀ ਵੀ ਬਣਾਈ ਗਈ ਹੈ। ਪਹਿਲਾਂ ਇਸ ਦੇ ਚੁਫੇਰੇ ਪੱਕੀ ਤੇ ਉੱਚੀ ਚਾਰ-ਦੀਵਾਰੀ ਕੀਤੀ ਗਈ ਸੀ, ਜਿਸ ਨੂੰ ਹੁਣ ਢਾਹ ਦਿੱਤਾ ਗਿਆ ਹੈ। ‘ਤਹਿਕੀਕਾਤ-ਏ-ਚਿਸ਼ਤੀ’ ‘ਚ ਮੌਲਵੀ ਚਿਸ਼ਤੀ ਨੇ ਕਬਰਸਤਾਨ ਦੇ ਇਸ ਹਿੱਸੇ ਨੂੰ ‘ਕੰਜਰਾਂ ਦਾ ਅਹਾਤਾ’ ਲਿਖਿਆ ਹੈ ਅਤੇ ਇਹ ਵੀ ਲਿਖਿਆ ਹੈ ਕਿ ਇਸ ਕਬਰ ਦੇ ਆਸ-ਪਾਸ ਪੁਰਾਣੇ ਸਮੇਂ ਦੀਆਂ ਨਾਮਵਰ ਤਵਾਇਫ਼ਾਂ ਦੀਆਂ ਹੋਰ ਵੀ ਕਬਰਾਂ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਲੰਬਾ ਸਮਾਂ ਪਹਿਲਾਂ ਰਾਣੀ ਮੋਰਾਂ ਦੀ ਕਬਰ ‘ਤੇ ਲਾਹੌਰ ਦੀ ਪਾਪੜ ਮੰਡੀ ਅਤੇ ਹੀਰਾ ਮੰਡੀ ਦੇ ਲੋਕ ਬਕਾਇਦਾ ਚਿਰਾਗ਼ ਜਗਾਉਣ ਅਤੇ ਚਾਦਰ ਚੜ੍ਹਾਉਣ ਆਉਂਦੇ ਸਨ ਪਰ ਹੁਣ ਕਬਰ ਦੀ ਹੋਂਦ ਬਾਰੇ ਜਾਣਕਾਰੀ ਦੀ ਘਾਟ ਕਾਰਨ ਜਾਂ ਕੁੱਝ ਹੋਰਨਾ ਕਾਰਨਾਂ ਕਰਕੇ ਲੋਕਾਂ ਨੇ ਇਥੇ ਆਉਣਾ ਬੰਦ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਕਬਰ ਤੋਂ ਥੋੜੀ ਦੂਰੀ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਇਕ ਹੋਰ ਰਾਣੀ ਗੁਲ ਬੇਗ਼ਮ ਦੀ ਵੀ ਕਬਰ ਮੌਜੂਦ ਹੈ।
ਸ਼ੇਰ-ਏ-ਪੰਜਾਬ ਦੀ ਰਾਣੀ ਮੋਰਾਂ ਦੀ ਕਬਰ ਦੀ ਹੋਂਦ ਬਾਰੇ ਪਹਿਲੀ ਵਾਰ ਜਾਣਕਾਰੀ ਆਈ ਸਾਹਮਣੇ
ਅਜੀਤ ਡੈਸਕ
27-07-2026