ਤਿੰਨ ਦਹਾਕਿਆਂ ਤੋਂ ਨਿਸ਼ਕਾਮ ਸਫ਼ਾਈ ਸੇਵਾ ਰਾਹੀਂ ਸਮਾਜ ਨੂੰ ਦੇ ਰਹੇ ਹਨ ਜਾਗਰੂਕਤਾ ਦਾ ਸੰਦੇਸ਼
ਚੰਡੀਗੜ੍ਹ, 26 ਜੁਲਾਈ (ਪ੍ਰੋ. ਅਵਤਾਰ ਸਿੰਘ)-ਪਿਛਲੇ ਤਿੰਨ ਦਹਾਕਿਆਂ ਤੋਂ ਨਿਸ਼ਕਾਮ ਸੇਵਾ ਕਰ ਰਹੇ ਪਦਮਸ੍ਰੀ ਨਾਲ ਸਨਮਾਨਿਤ ਸੇਵਾਮੁਕਤ ਡੀ.ਆਈ.ਜੀ.. ਇੰਦਰਜੀਤ ਸਿੰਘ ਸਿੱਧੂ ਅੱਜ ਦੇਸ਼ ਭਰ ਵਿਚ ‘ਝਾੜੂ ਯੋਧਾ’ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਸਫ਼ਾਈ ਮੁਹਿੰਮ ਦੀ ਗੂੰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚੀ ਅਤੇ ਉਨ੍ਹਾਂ ਦੇ ਸੇਵਾਭਾਵ ਨੂੰ ਰਾਸ਼ਟਰੀ ਪੱਧਰ ’ਤੇ ਮਾਣ ਮਿਲਿਆ। ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਦੇ ਸੰਘਰਸ਼, ਸੇਵਾ ਅਤੇ ਸਮਾਜ ਪ੍ਰਤੀ ਫ਼ਰਜ਼ ਦੀ ਭਾਵਨਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ਸਫ਼ਾਈ ਕਿਸੇ ਸਰਕਾਰ ਜਾਂ ਨਗਰ ਨਿਗਮ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਬਕਾ ਡੀ.ਆਈ.ਜੀ. ਅਤੇ ਪਦਮਸ੍ਰੀ ਐਵਾਰਡੀ ਇੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬਚਪਨ ਤੋਂ ਹੀ ਸਫਾਈ ਪ੍ਰੇਮੀ ਸੀ ਅਤੇ ਸਾਲ 1963 ਵਿਚ ਪੰਜਾਬ ਪੁਲਿਸ ’ਚ ਭਰਤੀ ਹੋਣ ਤੋਂ ਬਾਅਦ ਵੀ ਸਫ਼ਾਈ ਅਤੇ ਅਨੁਸ਼ਾਸਨ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਰਹੇ। ਪੁਲਿਸ ਲਾਈਨਾਂ ਅਤੇ ਟਰੇਨਿੰਗ ਸੈਂਟਰਾਂ ਵਿਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਫਿਲੌਰ ਦਾ ਚਮਨ ਮੈਦਾਨ ਅੱਜ ਵੀ ਇਸ ਦੀ ਇਕ ਵਧੀਆ ਮਿਸਾਲ ਹੈ। ਬਾਅਦ ਵਿਚ ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤੀ ਦੌਰਾਨ ਉਨ੍ਹਾਂ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਬਣ ਗਈ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਦਾ ਅਸਲ ਨਾਂਅ ਹੀ ’ਪਬਲਿਕ ਸਰਵੈਂਟ’ ਹੈ ਅਤੇ ਉਨ੍ਹਾਂ ਨੇ ਆਪਣੀ ਪੂਰੀ ਨੌਕਰੀ ਇਸ ਭਾਵਨਾ ਨਾਲ ਨਿਭਾਈ। ਉਨ੍ਹਾਂ ਦੱਸਿਆ ਕਿ 1986 ਵਿਚ ਸੀ.ਆਈ. ਪੰਜਾਬ ਵਿਚ ਤਾਇਨਾਤੀ ਕਾਰਨ ਚੰਡੀਗੜ੍ਹ ਆਉਣ ਤੋਂ ਬਾਅਦ ਉਹ ਡਿਊਟੀ ਤੋਂ ਵਿਹਲਾ ਸਮਾਂ ਆਲੇ-ਦੁਆਲੇ ਦੀ ਸਫ਼ਾਈ ਲਈ ਸਮਰਪਿਤ ਕਰਨ ਲੱਗੇ। ਸਾਲ 1995 ਵਿਚ ਉਨ੍ਹਾਂ ਦੇ ਸੇਵਾਭਾਵ ਬਾਰੇ ਇਕ ਲੇਖ ਵੀ ਪ੍ਰਕਾਸ਼ਿਤ ਹੋਇਆ, ਜਿਸ ਨੂੰ ਪੜ੍ਹ ਕੇ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਹੋਰ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਪਿੰਡ ਵਿਚ ਬਚਪਨ ਤੋਂ ਹੀ ਖੇਤਾਂ ਤੱਕ ਲੰਬੀਆਂ ਪੈਦਲ ਚਾਲਾਂ ਦੀ ਆਦਤ ਸੀ। ਚੰਡੀਗੜ੍ਹ ਵਿਚ ਸਵੇਰ ਦੀ ਸੈਰ ਦੌਰਾਨ ਜਦੋਂ ਉਹ ਹਰਿਆਲੀ ਦੇ ਵਿਚਕਾਰ ਕੂੜਾ ਦੇਖਦੇ ਤਾਂ ਮਨ ਬੇਚੈਨ ਹੋ ਜਾਂਦਾ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਸੈਰ ਬਾਅਦ ਵਿਚ ਵੀ ਹੋ ਸਕਦੀ ਹੈ, ਪਹਿਲਾਂ ਧਰਤੀ ਮਾਤਾ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਹੌਲੀ-ਹੌਲੀ ਸੈਰ ਦਾ ਸਮਾਂ ਘਟਦਾ ਗਿਆ ਅਤੇ ਕੂੜਾ ਚੁੱਕਣਾ ਹੀ ਉਨ੍ਹਾਂ ਦੀ ਰੋਜ਼ਾਨਾ ਦੀ ਸਾਧਨਾ ਬਣ ਗਿਆ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ ਕਿ ਅੱਜ ਹਲਾਤ ਇਹ ਹਨ ਕਿ ਮੇਰੇ ਘਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਪਾਰਕ ਹੈ ਪਰ ਮੈਨੂੰ ਉਥੇ ਸੈਰ ਕਰਨ ਦਾ ਸਮਾਂ ਨਹੀਂ ਮਿਲਦਾ। ਮੈਂ ਸਵੇਰ ਤੋਂ ਹੀ ਸੜਕਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਚੁੱਕਣ ਵਿਚ ਰੁੱਝ ਜਾਂਦਾ ਹਾਂ। ਹੁਣ ਸੈਰ ਨਹੀਂ, ਸੇਵਾ ਹੀ ਮੇਰੀ ਜ਼ਿੰਦਗੀ ਬਣ ਗਈ ਹੈ।ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਕਰੀਬ 30 ਸਾਲਾਂ ਤੋਂ ਉਹ ਲਗਾਤਾਰ ਇਹ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਵਾ, ਪਾਣੀ ਅਤੇ ਧਰਤੀ ਹੀ ਪ੍ਰਦੂਸ਼ਿਤ ਹੋ ਜਾਣ ਤਾਂ ਮਨੁੱਖ ਦਾ ਜੀਵਨ ਅਸੰਭਵ ਹੋ ਜਾਵੇਗਾ। ਇਸ ਲਈ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਯੋਗਦਾਨ ਪਾਵੇ।
ਸੈਰ ਛੱਡ ਦਿੱਤੀ ਪਰ ਧਰਤੀ ਮਾਤਾ ਦੀ ਸੇਵਾ ਨਹੀਂ ਛੱਡੀ-ਸਾਬਕਾ ਡੀ.ਆਈ.ਜੀ. ਸਿੱਧੂ
ਅਜੀਤ ਡੈਸਕ
27-07-2026