ਪੰਜਾਬ ਵਿਚ ਹੜ੍ਹਾਂ ਦੀ ਰੋਕਥਾਮ ਲਈ 8136 ਕਿੱਲੋਮੀਟਰ ਬਣੀਆਂ ਡਰੇਨਾਂ ਤੇ ਸੇਮ ਨਾਲਿਆਂ ਦੀ ਮੌਸਮੀ ਸਫ਼ਾਈ ਦਾ ਕਾਰਜ ਵਿਭਾਗੀ ਅਧਿਕਾਰੀਆਂ ਲਈ ਬਣਿਆ ਮੁਨਾਫ਼ੇ ਦਾ ਧੰਦਾ
ਬਠਿੰਡਾ, 28 ਜੁਲਾਈ (ਵੀਰਪਾਲ ਸਿੰਘ)-ਪੰਜਾਬ ਵਿਚ ਮੌਨਸੂਨ ਦੀ ਦਸਤਕ ਦਿੱਤੇ ਜਾਣ ਤੋਂ ਬਾਅਦ ਮੀਂਹ ਪੈਣੇ ਸ਼ੁਰੂ ਹੋ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਸੇਮ ਨਾਲਿਆਂ ਦੀ ਸਫ਼ਾਈ ਅਤੇ ਹੜ੍ਹ ਰੋਕੂ, ਜਲ ਸਰੋਤ ਬਜਟ ਫ਼ੰਡਾਂ ਦੀ ਵਰਤੋਂ ਕਰਨ ਲਈ ਵਿਭਾਗੀ ਅਧਿਕਾਰੀ ਦੀ ਸਮੁੱਚੀ ਕਾਰਜਸ਼ੈਲੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ‘ਚ ਮੀਂਹ ਦੇ ਵਾਧੂ ਪਾਣੀ ਵਹਾਅ ‘ਤੇ ਕਾਬੂ ਪਾ ਕੇ ਹੜ੍ਹਾਂ ਵਰਗੀ ਸਥਿਤੀ ਵਿਚ ਫ਼ਸਲਾਂ ਦੇ ਨੁਕਸਾਨ ਹੋਣ ਦਾ ਡਰ ਬਣ ਚੁੱਕਾ ਹੈ। ਪੰਜਾਬ ‘ਚ 8136 ਕਿਲੋਮੀਟਰ ਲੰਬੇ ਸੇਮ ਨਾਲਿਆਂ ਅਤੇ ਡਰੇਨਾਂ ਦੀ ਸਫ਼ਾਈ ਦੀ ਸਿਰਫ਼ ਖਾਨਾਪੂਰਤੀ ਬਣ ਕੇ ਰਹਿ ਗਈ ਹੈ। ਹਰ ਵਰ੍ਹੇ ਕਰੋੜਾਂ ਰੁਪਏ ਦੇ ਮੌਸਮੀ ਫ਼ੰਡਾਂ ਵਰਤੋਂ ਵਿਭਾਗੀ ਅਧਿਕਾਰੀਆਂ ਲਈ ਲਾਹੇਵੰਦ ਧੰਦਾ ਬਣ ਚੁੱਕੀ ਹੈ, ਪੰਜਾਬ ਸਰਕਾਰ ਸਬੰਧਿਤ ਮੰਤਰਾਲਾ ਇਸ ਤੋਂ ਬੇਖ਼ਬਰ ਹੈ।ਡਰੇਨਾਂ ਨਾਲਿਆਂ ਦੀ ਸਫ਼ਾਈ ਦੀ ਲਾਪਰਵਾਹੀ ਆਉਣ ਵਾਲੇ ਦਿਨਾਂ ਵਿਚ ਮੀਂਹ ਦੇ ਪਾਣੀ ਨਾਲ ਸਾਉਣੀ ਦੀਆਂ ਫ਼ਸਲਾਂ ਦੇ ਨੁਕਸਾਨ ਹੋਣ ਦਾ ਡਰ ਬਣ ਚੁੱਕਾ ਹੈ। ਸੇਮ ਨਾਲਿਆਂ ਅਤੇ ਡਰੇਨ ਦੇ ਮਾਮਲੇ ਵਿਚ ਜਲ ਸਰੋਤ ਵਿਭਾਗ ਦੀਆਂ ਅੱਖਾਂ ਪੂਰੀ ਤਰ੍ਹਾਂ ਬੰਦ ਹਨ। ਪੰਜਾਬ ਵਿਚਲੇ ਸੇਮ ਨਾਲਿਆਂ ਅਤੇ ਡਰੇਨਾਂ ਦਿਨ-ਬ-ਦਿਨ ਸੁੰਗੜ ਚੁੱਕੇ ਕਈ ਸੇਮ ਨਾਲਿਆਂ ਦੀ ਹੋਂਦ ਖ਼ਤਮ ਹੋਣ ਦੇ ਕਿਨਾਰੇ ਖੜ੍ਹੀ ਹੈ।ਸੇਮ ਨਾਲਿਆਂ ਅਤੇ ਡਰੇਨ ਦੀ ਸਫ਼ਾਈ ਕਰਨ ਤੇ ਮੁਰੰਮਤ ਕਰਵਾਉਣ ਮੌਸਮ ਫ਼ੰਡਾਂ ਦੀ ਵੱਡੀ ਪੱਧਰ ‘ਤੇ ਧਾਂਜਲੀਆਂ ਕੀਤੇ ਜਾਣ ਦਾ ਖ਼ਦਸ਼ਾ ਹੈ। ਵਿਭਾਗ ਵਲੋਂ ਪੰਜਾਬ ਵਿਚਲੇ ਸੇਮ ਨਾਲਿਆਂ ਗਿਣਤੀ ਦੇ ਸਹੀ ਅੰਕੜੇ ਵੀ ਕਿਧਰੇ ਨਜ਼ਰ ਨਹੀਂ ਆ ਰਹੇ।ਜਾਣਕਾਰੀ ਅਨੁਸਾਰ ਸੇਮ ਨਾਲਿਆਂ ਦੀ ਸਫ਼ਾਈ ਲਈ ਕੋਈ ਵੱਖਰਾ ਬਜਟ ਨਹੀਂ ਰੱਖਣ ਦੀ ਬਿਜਾਏ ਇਸ ਨੂੰ ਸਮੁੱਚੇ ਡਰੇਨਜ਼ ਅਤੇ ਫਲੱਡ ਕੰਟਰੋਲ ਦੇ ਬਜਟ ਵਿਚ ਹੀ ਜੋੜਿਆ ਗਿਆ। ਹੜ੍ਹਾਂ ‘ਤੇ ਕਾਬੂ ਪਾਉਣ ਲਈ 52 ਤੋਂ 276 ਕਰੋੜ ਦਾ ਬਜਟ ਸਾਲਾਨਾ ਵੱਖ-ਵੱਖ ਪ੍ਰੋਜੈਕਟਾਂ ਵਿਚ ਸ਼ਾਮਿਲ ਹਨ। ਜਲ ਸਰੋਤ ਵਿਭਾਗ ਵਲੋਂ ਸਾਲਾਨਾ ਜ਼ਿਲ੍ਹਾ ਪੱਧਰ ਭੇਜੇ ਜਾਂਦੇ ਫ਼ੰਡਾਂ ਦੀ ਵਰਤੋਂ ਵੀ ਸ਼ੱਕ ਦੇ ਘੇਰੇ ਵਿਚ ਹੈ। ਇਨ੍ਹਾਂ ਫ਼ੰਡਾਂ ਵਿਚ ਵਧੇਰੇ ਵਰਤੋਂ ਮਾਲਵੇ ਜ਼ਿਲ੍ਹਿਆਂ ਮਲੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਆਦਿ ਜ਼ਿਲ੍ਹਿਆਂ ਵਿਚ ਕੀਤੇ ਜਾਣ ਦੀ ਖ਼ਬਰ ਹੈ। ਸੰਬੰਧਿਤ ਵਿਭਾਗ ਦਫ਼ਤਰ ਵਿਚ ਹਰ ਸਾਲ ਬਗੈਰ ਵਰਤੋਂ ਵਿਚ ਲਿਆਂਦਾ ਗਿਆ ਸਮਾਨ ਕਿਸ਼ਤੀਆਂ, ਤੰਬੂ ਲਗਾਉਣ ਅਤੇ ਕਰੋੜ ਦਾ ਸਾਮਾਨ ਕਬਾੜ ਬਣ ਕੇ ਰਹਿ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਸੇਮ ਨਾਲਿਆਂ ਅਤੇ ਡਰੇਨਾਂ ਦੀ ਸਫ਼ਾਈ ਕਰਵਾਉਣ ਲਈ ਸਰਕਾਰੀ ਤੌਰ ‘ਤੇ 13 ਜੇ.ਸੀ.ਬੀ. ਵਰਗੀਆਂ ਮਸ਼ੀਨਾਂ ਦੀ ਖ਼ਰੀਦ ਕੀਤੇ ਜਾਣ ਦਾ ਪਤਾ ਲੱਗਿਆ, ਜਿਨ੍ਹਾਂ ਦੀ ਵਰਤੋਂ ਲਈ 20 ਲੱਖ ਰੁਪਏ ਦਾ ਡੀਜ਼ਲ ਫੂਕੇ ਜਾਣ, ਡਰੇਨਾਂ ਦੇ ਪੰਜ ਤੋਂ ਸੱਤ ਫੁੱਟ ਹਿੱਸੇ ਦੀ ਸਫ਼ਾਈ ਕਰਕੇ ਡੰਗ ਟਪਾਇਆ ਜਾ ਰਿਹਾ ਹੈ। ਜਦੋਂ ਡਰੇਨਾਂ ਦੀ ਚੌੜਾਈ 50 ਤੋਂ 100 ਫੁੱਟ ਤੋਂ ਵਧੇਰੇ ਹੈ, ਬਹੁਤ ਥਾਵਾਂ ‘ਤੇ ਲੋਕਾਂ ਵਲੋਂ ਡਰੇਨ ਦੀਆਂ ਥਾਵਾਂ ‘ਤੇ ਨਾਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ, ਜੋ ਵਿਭਾਗੀ ਅਧਿਕਾਰੀਆਂ ਨੂੰ ਕਦੇ ਦਿਖਾਈ ਨਹੀਂ ਦੇ ਰਹੇ।
ਹੜ੍ਹਾਂ ਦੀ ਰੋਕਥਾਮ ਲਈ ਬਣੀਆਂ ਡਰੇਨਾਂ ਤੇ ਸੇਮ ਨਾਲਿਆਂ ਦੀ ਸਫ਼ਾਈ ਬਣੀ ਖਾਨਾਪੂਰਤੀ
ਅਜੀਤ ਡੈਸਕ
29-07-2026