ਅੰਮ੍ਰਿਤਸਰ, 29 ਜੁਲਾਈ (ਸੁਰਿੰਦਰ ਕੋਛੜ)-ਹੈਨਲੇ ਪਾਸਪੋਰਟ ਇੰਡੈੱਕਸ 2026 ਦੀ ਤਾਜ਼ਾ ਰਿਪੋਰਟ ਅਨੁਸਾਰ ਪਾਕਿਸਤਾਨ ਦਾ ਪਾਸਪੋਰਟ ਵਿਸ਼ਵ ਰੈਂਕਿੰਗ ’ਚ 101ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਹ ਰੈਂਕਿੰਗ ਪਿਛਲੇ ਦੋ ਦਹਾਕਿਆਂ ‘ਚ ਪਾਕਿਸਤਾਨੀ ਨਾਗਰਿਕਾਂ ਦੀ ਘਟਦੀ ਕੌਮਾਂਤਰੀ ਯਾਤਰਾ ਗਤੀਸ਼ੀਲਤਾ ਨੂੰ ਦਰਸਾਉਂਦੀ ਹੈ। ਸਾਲ 2006 ‘ਚ ਪਾਕਿਸਤਾਨੀ ਪਾਸਪੋਰਟ 79ਵੇਂ ਸਥਾਨ ’ਤੇ ਸੀ, ਜੋ ਹੁਣ ਕਾਫ਼ੀ ਹੇਠਾਂ ਡਿਗ ਚੁੱਕਾ ਹੈ। ਇੰਡੈੱਕਸ ਦੇ 20ਵੇਂ ਐਡੀਸ਼ਨ ਅਨੁਸਾਰ ਮੌਜੂਦਾ ਸਮੇਂ ਪਾਕਿਸਤਾਨੀ ਪਾਸਪੋਰਟ ਧਾਰਕਾਂ ਨੂੰ ਦੁਨੀਆ ਦੇ ਕੁੱਲ 29 ਦੇਸ਼ਾਂ ‘ਚ ਬਿਨਾਂ ਪੇਸ਼ਗੀ ਵੀਜ਼ਾ ਲਏ ਯਾਤਰਾ ਕਰਨ ਦੀ ਸੁਵਿਧਾ ਮਿਲਦੀ ਹੈ। ਇਨ੍ਹਾਂ ‘ਚੋਂ ਉਸ ਨੂੰ 11 ਦੇਸ਼ਾਂ ‘ਚ ਵੀਜ਼ਾ ਮੁਕਤ, 15 ਦੇਸ਼ਾਂ ‘ਚ ਵੀਜ਼ਾ ‘ਆਨ ਅਰਾਈਵਲ’ ਅਤੇ 3 ਦੇਸ਼ਾਂ ‘ਚ ਇਲੈਕਟ੍ਰੋਨਿਕ ਟਰੈਵਲ ਅਥਾਰਾਈਜ਼ੇਸ਼ਨ ਦੀ ਸੁਵਿਧਾ ਹੈ। ਪਾਕਿਸਤਾਨੀ ਪਾਸਪੋਰਟ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸਾਲ 2021 ‘ਚ ਰਿਹਾ, ਜਦੋਂ ਇਹ 113ਵੇਂ ਸਥਾਨ ‘ਤੇ ਡਿਗ ਗਿਆ ਸੀ। ਸਾਲ 2026 ਦੌਰਾਨ ਪਾਕਿ ਦੀ ਰੈਂਕਿੰਗ ‘ਚ ਲਗਾਤਾਰ ਬਦਲਾਅ ਵੇਖਿਆ ਗਿਆ। ਜਨਵਰੀ ‘ਚ ਇਹ 98ਵੇਂ ਅਤੇ ਫ਼ਰਵਰੀ ‘ਚ 97ਵੇਂ, ਮਈ ‘ਚ 100ਵੇਂ ਅਤੇ ਜੁਲਾਈ ‘ਚ ਡਿਗ ਕੇ 101ਵੇਂ ਸਥਾਨ ‘ਤੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਯੂਰਪ ਦਾ ਕੋਈ ਵੀ ਦੇਸ਼ ਪਾਕਿਸਤਾਨੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ-ਮੁਕਤ ਜਾਂ ਆਸਾਨ ਦਾਖ਼ਲੇ ਦੀ ਸੁਵਿਧਾ ਨਹੀਂ ਦਿੰਦਾ। ਸਿੰਗਾਪੁਰ ਨੇ 2026 ‘ਚ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਖ਼ਿਤਾਬ ਬਰਕਰਾਰ ਰੱਖਿਆ ਹੈ, ਜਿਸ ਦੇ ਨਾਗਰਿਕ 192 ਦੇਸ਼ਾਂ ‘ਚ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ ਦੇ ਨਾਲ ਯਾਤਰਾ ਕਰ ਸਕਦੇ ਹਨ। ਭਾਰਤ ਇਸ ਰੈਂਕਿੰਗ ’ਚ 81ਵੇਂ ਸਥਾਨ ’ਤੇ ਹੈ।