ਛੇਹਰਟਾ, 30 ਜੁਲਾਈ (ਪੱਤਰ ਪ੍ਰੇਰਕ)-ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਬੀਤੇ ਦਿਨੀਂ ਇਕ 26 ਸਾਲਾ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸੰਬੰਧੀ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸ਼ਰਨਜੀਤ ਨਾਂਅ ਦਾ ਇਕ ਨੌਜਵਾਨ ਕਈ ਮਹੀਨਿਆਂ ਤੋਂ ਸਾਡੀ ਲੜਕੀ ਨਵਨੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ,ਜਿਸ ਦੀ ਸ਼ਿਕਾਇਤ ਕੈਨੇਡਾ ਪੁਲਿਸ ਨੂੰ ਦਿੱਤੀ ਗਈ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਅਦਾਲਤ ਵਲੋਂ ਸਖ਼ਤ ਸ਼ਰਤਾਂ ਤਹਿਤ ਕਥਿਤ ਦੋਸ਼ੀ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਕਤ ਕਥਿਤ ਦੋਸ਼ੀ ਨੇ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਰਿਵਾਰ ਅਨੁਸਾਰ ਘਟਨਾ ਵਾਲੇ ਦਿਨ ਸਵੇਰੇ ਕਰੀਬ 7. 30 ਵਜੇ ਨਵਨੀਤ ਕੌਰ ਬੈਂਕ ਜਾਣ ਲਈ ਬੱਸ ਅੱਡੇ ‘ਤੇ ਖੜੀ ਸੀ ਅਤੇ ਪੰਜਾਬ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਇਸ ਗੱਲਬਾਤ ਦੌਰਾਨ ਹੀ ਉਸ ਨੇ ਕਿਹਾ ਸ਼ਰਨ (ਕਥਿਤ ਦੋਸ਼ੀ) ਆ ਗਿਆ ਹੈ, ਉਸ ਤੋਂ ਕੁਝ ਹੀ ਸਕਿੰਟ ਬਾਅਦ ਉਸ ਦਾ ਫੋਨ ਅਚਾਨਕ ਡਿੱਗ ਗਿਆ ਤੇ ਸੰਪਰਕ ਟੁੱਟ ਗਿਆ। ਬਾਅਦ ਵਿਚ ਪਰਿਵਾਰ ਨੂੰ ਨਵਨੀਤ ਕੌਰ ਦੀ ਹੱਤਿਆ ਦੀ ਸੂਚਨਾ ਮਿਲ ਗਈ। ਪਰਿਵਾਰਕ ਮੈਂਬਰਾਂ ਨੇ ਨਵਨੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਮ੍ਰਿਤਕ ਨਵਨੀਤ ਕੌਰ ਦੇ ਪਿਤਾ ਹਰਭਜਨ ਸਿੰਘ ਤੇ ਤਾਇਆ ਬਲਬੀਰ ਸਿੰਘ ਨੇ ਦੱਸਿਆ ਕਿ ਨਵਨੀਤ ਕੌਰ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਤੇ 4 ਸਾਲ ਬਾਅਦ ਉਸ ਨੂੰ ਪੀ.ਆਰ. ਮਿਲ ਗਈ ਸੀ ਤੇ ਇਸ ਵਕਤ ਉਹ ਇਕ ਬੈਂਕ ਵਿਚ ਪੱਕੀ ਨੌਕਰੀ ਕਰ ਰਹੀ ਸੀ ਅਤੇ ਕਰੀਬ ਸਾਲ-ਸਵਾ ਸਾਲ ਵਿਚ ਉਸ ਨੇ ਬੈਂਕ ਮੈਨੇਜਰ ਬਣ ਜਾਣਾ ਸੀ। ਉਨ੍ਹਾਂ ਕਿਹਾ ਕਿ ਸ਼ਰਨਜੀਤ ਜੋ ਕੋਟਕਪੂਰਾ ਵਾਸੀ ਹੈ, ਉਹ ਕੈਨੇਡਾ ਵਿਚ ਕੈਬ ਚਲਾਉਂਦਾ ਸੀ ਤੇ ਨਵਨੀਤ ਵਲੋਂ ਕੁਝ ਮਹੀਨੇ ਪਹਿਲਾਂ ਆਪਣੀ ਬੈਂਕ ਡਿਊਟੀ ਤੋਂ ਘਰ ਜਾਣ ਵਾਸਤੇ ਕੈਬ ਬੁੱਕ ਕੀਤੀ ਗਈ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨ ਨਵਨੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ। ਪਰਿਵਾਰਕ ਮੈਂਬਰਾਂ ਮੁਤਾਬਕ ਕਰੀਬ ਇਕ ਮਹੀਨਾ ਪਹਿਲਾਂ ਨਵਨੀਤ 5 ਸਾਲ ਬਾਅਦ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ ਤੇ ਉਸ ਨੇ 27 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾ ਕੇ ਅੰਮ੍ਰਿਤ ਵੀ ਛਕਿਆ ਸੀ ਤੇ 29 ਮਈ ਨੂੰ ਵਾਪਸ ਕੈਨੇਡਾ ਚਲੇ ਗਈ ਸੀ। ਪਰਿਵਾਰਕ ਮੈਂਬਰਾਂ ਨੇ ਕੈਨੇਡਾ ਸਰਕਾਰ ਕੋਲੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।