ਅੰਮ੍ਰਿਤਸਰ, 30 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਨੇਤਾ ਬ੍ਰਿਗੇਡੀਅਰ (ਸੇਵਾ ਮੁਕਤ) ਅਸਲਮ ਘੁੰਮਣ ਨੇ ਕਿਹਾ ਕਿ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਸਾਲ ਰਿਹਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਾਰਟੀ ਆਗੂਆਂ ਨੂੰ ਜੇਲ੍ਹ ‘ਚ ਇਮਰਾਨ ਖ਼ਾਨ ਨਾਲ ਮਿਲਣ ਦੀ ਇਜਾਜ਼ਤ ਦਿੰਦੀ ਤਾਂ ਰਾਜਨੀਤਿਕ ਗੱਲਬਾਤ ਅੱਗੇ ਵਧ ਸਕਦੀ ਸੀ। ਘੁੰਮਣ ਨੇ ਦਾਅਵਾ ਕੀਤਾ ਕਿ ਮੌਜੂਦਾ ਖੜੋਤ ਇਸ ਲਈ ਹੈ, ਕਿਉਂਕਿ ਸਰਕਾਰ ਗੱਲਬਾਤ ਪ੍ਰਤੀ ਗੰਭੀਰ ਨਹੀਂ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਗੱਲਬਾਤ ਨਹੀਂ ਚਾਹੁੰਦੀ, ਕਿਉਂਕਿ ਉਸ ਦੇ ਆਪਣੇ ਹੱਥਾਂ ‘ਚ ਕੁਝ ਨਹੀਂ ਹੈ ਅਤੇ ਇਸ ਬਾਰੇ ਫ਼ੈਸਲਾ ਫ਼ੌਜ ਮੁਖੀ ਆਸਿਮ ਮੁਨੀਰ ਵਲੋਂ ਹੀ ਲਿਆ ਜਾਵੇਗਾ।