ਸੀ.ਬੀ.ਐਸ.ਈ. ਦੀ ਵੱਡੀ ਅਣਗਹਿਲੀ: 5 ਅੰਕਾਂ ਦੇ ਫ਼ਰਕ ਨੇ ਰੋਕਿਆ ਹੋਣਹਾਰ ਵਿਦਿਆਰਥਣ ਦਾ ਭਵਿੱਖ
ਇੰਜੀਨੀਅਰਿੰਗ ਦੀ ਸੀਟ ਖੁੱਸਣ ਦਾ ਖ਼ਤਰਾ
ਰਾਮਪੁਰਾ ਫੂਲ, 13 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)-ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀ. ਬੀ.
ਰਾਮਪੁਰਾ ਫੂਲ, 13 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)-ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੀ ਕਥਿਤ ਲਾਪਰਵਾਹੀ ਅਤੇ ਮੁਲਾਂਕਣ ’ਚ ਹੋਈ ਗੜਬੜੀ ਕਾਰਨ ਪੰਜਾਬ ਦੀ ਇਕ ਹੋਣਹਾਰ ਵਿਦਿਆਰਥਣ ਦਾ ਸੁਨਹਿਰੀ ਭਵਿੱਖ ਦਾਅ ’ਤੇ ਲੱਗ ਗਿਆ ਹੈ। ਬਾਰ੍ਹਵੀਂ ਜਮਾਤ ਦੇ ਗਣਿਤ ਦੇ ਪੇਪਰ ਵਿਚ ਮਹਿਜ਼ 5 ਅੰਕਾਂ ਦੀ ਘਾਟ ਕਾਰਨ ਵਿਦਿਆਰਥਣ ਨੂੰ ਦੇਸ਼ ਦੇ ਪ੍ਰਮੁੱਖ ਇੰਜੀਨੀਅਰਿੰਗ ਅਦਾਰਿਆਂ ਵਿਚ ਦਾਖ਼ਲੇ ਤੋਂ ਵਾਂਝੇ ਹੋਣਾ ਪੈ ਰਿਹਾ ਹੈ, ਜਦਕਿ ਆਜ਼ਾਦ ਅਕਾਦਮਿਕ ਜਾਂਚ ਵਿਚ ਇਹ ਅੰਕ ਵਿਦਿਆਰਥਣ ਦੇ ਹੱਕ ਵਿਚ ਸਪੱਸ਼ਟ ਤੌਰ ’ਤੇ ਬਣਦੇ ਦਿਖਾਈ ਦੇ ਰਹੇ ਹਨ।ਪ੍ਰਾਪਤ ਵੇਰਵਿਆਂ ’ਤੇ ਲੜਕੀ ਦੇ ਪਿਤਾ ਮਾਸਟਰ ਸੰਜੀਵ ਕੁਮਾਰ ਅਨੁਸਾਰ ਵਿਦਿਆਰਥਣ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 500 ਵਿਚੋਂ 370 ਅੰਕ (74 ਫ਼ੀਸਦੀ) ਪ੍ਰਾਪਤ ਕੀਤੇ ਹਨ। ਇੰਜੀਨੀਅਰਿੰਗ ਵਿਚ ਦਾਖ਼ਲੇ ਦੀ ਲਾਜ਼ਮੀ ਸ਼ਰਤ 75 ਫ਼ੀਸਦੀ (375 ਅੰਕ) ਹੈ, ਯਾਨੀ ਵਿਦਿਆਰਥਣ ਨੂੰ ਆਪਣੀ ਮਨਪਸੰਦ ਸੀਟ ਪੱਕੀ ਕਰਨ ਲਈ ਮਹਿਜ਼ 5 ਹੋਰ ਅੰਕਾਂ ਦੀ ਲੋੜ ਹੈ।ਇਹ ਵਿਵਾਦ ਗਣਿਤ ਵਿਚ (ਵਿਸ਼ਾ ਕੋਡ 041) ਦੇ ਪ੍ਰਸ਼ਨ ਪੱਤਰ ਕੋਡ 65/3/3 ਨਾਲ ਜੁੜਿਆ ਹੋਇਆ ਹੈ। ਵਿਦਿਆਰਥਣ ਵਲੋਂ ਮੁੜ ਮੁਲਾਂਕਣ ਲਈ 4 ਜੂਨ 2026 ਨੂੰ ਅਰਜ਼ੀ ਦਿੱਤੀ ਗਈ ਸੀ, ਜਿਸ ਦੀ ਫ਼ੀਸ ਟ੍ਰਾਂਜੈਕਸ਼ਨ ਆਈ.ਡੀ.ਈ 26060610087ਡੀ 4 ਤਹਿਤ ਭਰੀ ਗਈ।ਉੱਤਰ ਪੱਤਰੀ ਪ੍ਰਾਪਤ ਹੋਣ ਤੋਂ ਬਾਅਦ ਜਦੋਂ ਆਜ਼ਾਦ ਮਾਹਿਰਾਂ ਕੋਲੋਂ ਸੀ.ਬੀ.ਐਸ.ਈ. ਦੀ ਅਧਿਕਾਰਤ ਮਾਰਕਿੰਗ ਸਕੀਮ ਅਨੁਸਾਰ ਇਸ ਦੀ ਜਾਂਚ ਕਰਵਾਈ ਗਈ ਤਾਂ ਸਵਾਲ ਨੰਬਰ 14 (1 ਅੰਕ): ਇਸ ਵਿਚ ਜ਼ੀਰੋ (0/1) ਦਿੱਤਾ ਗਿਆ ਸੀ, ਜਦਕਿ ਵਿਦਿਆਰਥਣ ਵਲੋਂ ਚੁਣਿਆ ਗਿਆ ਵਿਕਲਪ ਬੋਰਡ ਦੀ ਅਧਿਕਾਰਤ ਉੱਤਰ-ਕੁੰਜੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਇਸੇ ਤਰ੍ਹਾਂ ਸਵਾਲ ਨੰਬਰ 30 (3 ਅੰਕ): ਇਸ ਵਿਚ ਵੀ 0/3 ਅੰਕ ਦਿੱਤੇ ਗਏ, ਜਦਕਿ ਸਵਾਲ ਦਾ ਹੱਲ ਗਣਿਤ ਦੇ ਨਿਯਮਾਂ ਅਨੁਸਾਰ ਬਿਲਕੁਲ ਦਰੁਸਤ ਹੈ। ਬੋਰਡ ਦੇ ਨਿਯਮਾਂ ਮੁਤਾਬਿਕ ਵਿਦਿਆਰਥੀ ਆਪਣਾ ਸਹੀ ਤਰੀਕਾ ਵਰਤ ਸਕਦਾ ਹੈ। ਸਵਾਲ ਨੰਬਰ 32 (5 ਅੰਕ) ਇਸ ਸਵਾਲ ਵਿਚ 2.5/5 ਅੰਕ ਦਿੱਤੇ ਗਏ ਹਨ, ਜਦਕਿ ਹੱਲ ਪੂਰੀ ਤਰ੍ਹਾਂ ਮੁਕੰਮਲ ਅਤੇ ਸਹੀ ਹੈ। ਮਾਹਿਰਾਂ ਦੀ ਰਿਪੋਰਟ ਅਨੁਸਾਰ ਵਿਦਿਆਰਥਣ ਦੇ 5.5 ਤੋਂ 6.5 ਅੰਕ ਵਧਣੇ ਬਣਦੇ ਹਨ, ਜਿਸ ਨਾਲ ਉਸ ਦਾ ਸਕੋਰ 75 ਫ਼ੀਸਦੀ ਦੇ ਪਾਰ ਚਲਾ ਜਾਂਦਾ ਹੈ।ਸੀ.ਬੀ.ਐਸ.ਈ. ਦੀ ਇਸ ਦੇਰੀ ਕਾਰਨ ਵਿਦਿਆਰਥਣ ਜੋਸਾ ਦੇ ਤੀਜੇ ਗੇੜ ਵਿਚ ‘ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ’ (ਬਠਿੰਡਾ) ਵਿਖੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਮਿਲੀ ਸੀਟ ਗੁਆ ਚੁੱਕੀ ਹੈ, ਕਿਉਂਕਿ ਸਮੇਂ ਸਿਰ ਸੁਧਾਰੀ ਹੋਈ ਮਾਰਕਸ਼ੀਟ ਪੇਸ਼ ਨਹੀਂ ਕੀਤੀ ਜਾ ਸਕੀ। ਹੁਣ ਉਸ ਨੂੰ ਸੀ.ਐਸ.ਏ.ਬੀ. ਰਾਹੀਂ ਆਈ.ਆਈ.ਟੀ. ਸੂਰਤ ਵਿਚ ਈ.ਸੀ.ਈ. ਸੀਟ ਅਲਾਟ ਹੋਈ ਹੈ ਪਰ ਦਸਤਾਵੇਜ਼ਾਂ ਦੀ ਜਾਂਚ ਦੌਰਾਨ 75 ਫ਼ੀਸਦੀ ਦੀ ਸ਼ਰਤ ਪੂਰੀ ਨਾ ਹੋਣ ਕਾਰਨ ਇਹ ਮੌਕਾ ਵੀ ਹੱਥੋਂ ਨਿਕਲਣ ਦਾ ਡਰ ਬਣਿਆ ਹੋਇਆ ਹੈ।ਸੀ.ਬੀ.ਐੱਸ.ਈ. ਖੇਤਰੀ ਦਫ਼ਤਰ ਲੁਧਿਆਣਾ ਵਿਖੇ 10 ਜੁਲਾਈ 2026 ਨੂੰ ਡਾਇਰੀ/ਫਾਈਲ ਨੰਬਰ 4039 ਤਹਿਤ ਲਿਖਤੀ ਬੇਨਤੀ ਦੇ ਆਧਾਰ ’ਤੇ ਬੋਰਡ ਨੇ 14 ਜੁਲਾਈ ਨੂੰ ਦੋ ਮਾਹਿਰਾਂ ਵਲੋਂ ਜਾਂਚ ਕਰਵਾਉਣ ਦਾ ਦਾਅਵਾ ਕੀਤਾ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਇਨ੍ਹਾਂ ਖ਼ਾਸ ਪ੍ਰਸ਼ਨਾਂ ਦੀ ਜਾਂਚ ਹੋਈ ਹੈ ਜਾਂ ਨਹੀਂ।ਪੀੜਤ ਪਰਿਵਾਰ ਵਲੋਂ ਪਾਈ ਗਈ ਆਰ.ਟੀ.ਆਈ. (2 6/05056) ਦੇ ਜਵਾਬ 12 ਅਗਸਤ 2026 ਨੂੰ ਦਿੰਦਿਆਂ ਬੋਰਡ ਨੇ ਮਾਮਲੇ ਨੂੰ ਅਜੇ ਵੀ ‘ਵਿਚਾਰ ਅਧੀਨ’ ਦੱਸਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਠੋਸ ਸਬੂਤ ਮੌਜੂਦ ਹਨ ਅਤੇ ਉਹ ਬੋਰਡ ਤੋਂ ਕੇਵਲ ਨਿਰਪੱਖ ਤੇ ਪਾਰਦਰਸ਼ੀ ਇਨਸਾਫ਼ ਦੀ ਮੰਗ ਕਰ ਰਹੇ ਹਨ ਤਾਂ ਜੋ ਵਿਦਿਆਰਥਣ ਦਾ ਸਾਲ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ।